ਤਰਨ ਤਾਰਨ:ਇੱਕ ਪਾਸੇ ਜਿਥੇ ਪੰਜਾਬ ਪੁਲਿਸ ਨਸ਼ੇ ਨੂੰ ਠੱਲ ਪਾਉਣ ਦੇ ਵੱਡੇ ਦਾਅਵੇ ਕਰਦੀ ਹੈ ਤਾਂ ਦੂਜੇ ਪਾਸੇ ਆਏ ਦਿਨ ਨੌਜਵਾਨਾਂ ਦੀ ਮੌਤ ਇੰਨ੍ਹਾਂ ਦਾਅਵਿਆਂ ਦੀ ਪੋਲ ਖੋਲ੍ਹ ਰਹੀ ਹੈ। ਤਾਜ਼ਾ ਮਾਮਲਾ ਤਰਨ ਤਾਰਨ ਦਾ ਸਾਹਮਣੇ ਆਇਆ, ਜਿਥੇ ਨਸ਼ੇ ਦੇ ਦੈਂਤ ਨੇ ਇੱਕ ਪਰਿਵਾਰ 'ਚ ਸੱਥਰ ਵਿਛਾ ਦਿੱਤੇ ਹਨ। ਕਾਬਿਲੇਗੌਰ ਹੈ ਕਿ ਕਸਬਾ ਅਲਗੋਕੋਠੀ ਵਿੱਚ ਸ਼ਰੇਆਮ ਵਿਕਦੇ ਨਸ਼ੇ ਨਾਲ 22 ਸਾਲਾ ਨੌਜਵਾਨ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੀ ਪਛਾਣ ਅਜੈ ਪੁੱਤਰ ਰਮੇਸ਼ ਕੁਮਾਰ ਵਾਸੀ ਅਲਗੋਕੋਠੀ ਵਜੋਂ ਹੋਈ ਹੈ।
ਨਸ਼ੇ ਦਾ ਟੀਕਾ ਲਗਾਉਣ ਨਾਲ ਮੌਤ: ਕਾਬਿਲੇਗੌਰ ਹੈ ਕਿ ਉਪਰੋਕਤ ਨੌਜਵਾਨ ਵੱਲੋਂ ਘਰ ਦੇ ਹੀ ਬਾਥਰੂਮ ਅੰਦਰ ਆਪਣੇ ਸਰੀਰ ਦੇ ਪ੍ਰਾਈਵੇਟ ਪਾਰਟ ਵਿੱਚ ਟੀਕਾ ਲਗਾਉਣ ਨਾਲ ਮੌਤ ਹੋਈ ਹੈ ਅਤੇ ਮ੍ਰਿਤਕ ਨੌਜਵਾਨ ਕੋਲੋਂ ਪਰਿਵਾਰ ਨੇ ਨਸ਼ੇ ਦਾ ਟੀਕਾ ਲਗਾਉਣ ਵਾਲੀ ਸਰਿੰਜ ਵੀ ਬਰਾਮਦ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੇ ਪਿਤਾ ਰਮੇਸ਼ ਕੁਮਾਰ ਅਤੇ ਚਾਚਾ ਬਲਜੀਤ ਕੁਮਾਰ ਨੇ ਦੱਸਿਆ ਕਿ ਉਹਨਾਂ ਦਾ ਲੜਕਾ ਅਜੈ ਨਸ਼ੇ ਦਾ ਆਦੀ ਸੀ। ਉਨ੍ਹਾਂ ਨੇ ਕਈ ਵਾਰ ਉਸ ਨੂੰ ਨਸ਼ਾ ਛੱਡ ਕੇ ਚੰਗੀ ਜ਼ਿੰਦਗੀ ਜਿਊਣ ਲਈ ਸਮਝਾਇਆ ਸੀ, ਪਰ ਪਰਿਵਾਰਿਕ ਮੈਂਬਰਾਂ ਵੱਲੋਂ ਨਸ਼ੇ ਤੋਂ ਵਰਜਿਤ ਕਰਨ ਦੇ ਬਾਵਜੂਦ ਵੀ ਉਹਨਾਂ ਦਾ ਨੌਜਵਾਨ ਨਸ਼ੇ ਦਾ ਪੱਕਾ ਆਦੀ ਹੋ ਗਿਆ।