ਓਟਾਵਾ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਸਤੀਫੇ ਦੇ ਐਲਾਨ ਤੋਂ ਬਾਅਦ ਉਨ੍ਹਾਂ ਦੇ ਸੰਭਾਵੀ ਉੱਤਰਾਧਿਕਾਰੀ ਨੂੰ ਲੈ ਕੇ ਅਟਕਲਾਂ ਤੇਜ਼ ਹੋ ਗਈਆਂ ਹਨ। ਚਰਚਾ ਹੈ ਕਿ ਭਾਰਤੀ ਮੂਲ ਦੀ ਨੇਤਾ ਅਨੀਤਾ ਆਨੰਦ ਪ੍ਰਧਾਨ ਮੰਤਰੀ ਅਹੁਦੇ ਦੀ ਮਜ਼ਬੂਤ ਦਾਅਵੇਦਾਰ ਹੈ। ਟਰੂਡੋ ਨੇ ਲਿਬਰਲ ਪਾਰਟੀ ਦੇ ਨੇਤਾ ਅਤੇ ਪ੍ਰਧਾਨ ਮੰਤਰੀ ਵਜੋਂ ਅਸਤੀਫਾ ਦੇ ਦਿੱਤਾ ਹੈ, ਹਾਲਾਂਕਿ, ਉਹ ਪਾਰਟੀ ਦੇ ਨਵੇਂ ਨੇਤਾ ਦੀ ਚੋਣ ਹੋਣ ਤੱਕ ਅਹੁਦੇ 'ਤੇ ਬਣੇ ਰਹਿਣਗੇ।
ਤਾਮਿਲਨਾਡੂ ਅਤੇ ਪੰਜਾਬ ਨਾਲ ਹੈ ਸਬੰਧ
ਕੈਨੇਡਾ ਦੀ ਮੌਜੂਦਾ ਟਰਾਂਸਪੋਰਟ ਅਤੇ ਅੰਦਰੂਨੀ ਵਪਾਰ ਮੰਤਰੀ ਅਨੀਤਾ ਆਨੰਦ ਦਾ ਜਨਮ ਨੋਵਾ ਸਕੋਸ਼ੀਆ ਦੇ ਕੈਂਟਵਿਲ ਵਿੱਚ ਹੋਇਆ ਸੀ। ਉਨ੍ਹਾਂ ਦੇ ਮਾਤਾ-ਪਿਤਾ, ਜੋ ਹੁਣ ਇਸ ਦੁਨੀਆਂ ਵਿੱਚ ਨਹੀਂ ਹਨ, ਭਾਰਤੀ ਡਾਕਟਰ ਸਨ। ਉਨ੍ਹਾਂ ਦੇ ਪਿਤਾ ਤਾਮਿਲਨਾਡੂ ਅਤੇ ਮਾਤਾ ਪੰਜਾਬ ਤੋਂ ਸਨ। ਅਨੀਤਾ ਦੀਆਂ ਦੋ ਭੈਣਾਂ ਹਨ, ਗੀਤਾ ਆਨੰਦ ਜੋ ਟੋਰਾਂਟੋ ਵਿੱਚ ਵਕੀਲ ਹੈ, ਅਤੇ ਸੋਨੀਆ ਆਨੰਦ ਜੋ ਮੈਕਮਾਸਟਰ ਯੂਨੀਵਰਸਿਟੀ ਵਿੱਚ ਇੱਕ ਡਾਕਟਰ ਅਤੇ ਖੋਜਕਾਰ ਹੈ।
ਪਹਿਲੀ ਵਾਰ 2019 ਵਿੱਚ ਸੰਸਦ ਮੈਂਬਰ ਚੁਣੀ ਗਈ ਸੀ ਅਨੀਤਾ
1985 ਵਿੱਚ ਓਨਟਾਰੀਓ ਜਾਣ ਤੋਂ ਬਾਅਦ, ਅਨੀਤਾ ਅਤੇ ਉਨ੍ਹਾਂ ਦੇ ਪਤੀ ਜੌਨ ਨੇ ਆਪਣੇ ਚਾਰ ਬੱਚਿਆਂ ਨੂੰ ਓਕਵਿਲ ਵਿੱਚ ਪਾਲਿਆ। ਆਪਣੇ ਕਰੀਅਰ ਦੌਰਾਨ ਉਹ ਕਈ ਅਹਿਮ ਅਹੁਦਿਆਂ 'ਤੇ ਕੰਮ ਕਰ ਚੁੱਕੇ ਹਨ। ਅਨੀਤਾ, ਜੋ ਪਹਿਲੀ ਵਾਰ 2019 ਵਿੱਚ ਓਕਵਿਲ ਤੋਂ ਸੰਸਦ ਮੈਂਬਰ ਚੁਣੀ ਗਈ ਸੀ, ਉਨ੍ਹਾਂ ਨੇ 2019 ਤੋਂ 2021 ਤੱਕ ਜਨਤਕ ਸੇਵਾਵਾਂ ਅਤੇ ਖਰੀਦ ਮੰਤਰੀ ਵਜੋਂ ਸੇਵਾ ਨਿਭਾਈ। ਇਸ ਤੋਂ ਬਾਅਦ ਉਹ ਖਜ਼ਾਨਾ ਬੋਰਡ ਅਤੇ ਰਾਸ਼ਟਰੀ ਰੱਖਿਆ ਮੰਤਰੀ ਵੀ ਰਹੀ। ਜਨਤਕ ਸੇਵਾਵਾਂ ਅਤੇ ਖਰੀਦ ਮੰਤਰੀ ਹੋਣ ਦੇ ਨਾਤੇ, ਉਨ੍ਹਾਂ ਨੇ ਕੋਵਿਡ-19 ਮਹਾਂਮਾਰੀ ਦੌਰਾਨ ਕੈਨੇਡੀਅਨਾਂ ਨੂੰ ਵੈਕਸੀਨ, ਨਿੱਜੀ ਸੁਰੱਖਿਆ ਉਪਕਰਣ ਅਤੇ ਤੇਜ਼ੀ ਨਾਲ ਟੈਸਟ ਪ੍ਰਦਾਨ ਕਰਨ ਲਈ ਮਹੱਤਵਪੂਰਨ ਸਮਝੌਤਿਆਂ 'ਤੇ ਹਸਤਾਖਰ ਕੀਤੇ। ਰਾਸ਼ਟਰੀ ਰੱਖਿਆ ਮੰਤਰੀ ਬਣਨ 'ਤੇ ਉਨ੍ਹਾਂ ਨੇ ਫੌਜ 'ਚ ਜਿਨਸੀ ਸ਼ੋਸ਼ਣ ਦੇ ਖਿਲਾਫ ਸਖਤ ਕਾਰਵਾਈ ਕੀਤੀ। ਰੂਸ-ਯੂਕਰੇਨ ਯੁੱਧ ਦੇ ਦੌਰਾਨ, ਉਨ੍ਹਾਂ ਨੇ ਕਿਯੇਵ ਨੂੰ ਵਿਆਪਕ ਫੌਜੀ ਸਹਾਇਤਾ ਪ੍ਰਦਾਨ ਕੀਤੀ, ਜਿਸ ਵਿੱਚ ਯੂਕਰੇਨੀ ਫੌਜਾਂ ਦੀ ਸਿਖਲਾਈ ਵੀ ਸ਼ਾਮਲ ਸੀ।
ਟੋਰਾਂਟੋ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਵੀ ਰਹਿ ਚੁੱਕੀ ਹੈ ਅਨੀਤਾ
ਸਤੰਬਰ 2024 ਵਿੱਚ ਅਨੀਤਾ ਆਨੰਦ ਨੂੰ ਟਰਾਂਸਪੋਰਟ ਮੰਤਰੀ ਦੇ ਨਾਲ-ਨਾਲ ਖਜ਼ਾਨਾ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ। ਰਾਜਨੀਤੀ ਦੇ ਨਾਲ-ਨਾਲ ਅਨੀਤਾ ਇੱਕ ਵਿਦਵਾਨ, ਵਕੀਲ ਅਤੇ ਖੋਜਕਾਰ ਵਜੋਂ ਵੀ ਜਾਣੇ ਜਾਂਦੇ ਹੈ। ਉਨ੍ਹਾਂ ਨੇ ਟੋਰਾਂਟੋ ਯੂਨੀਵਰਸਿਟੀ ਵਿੱਚ ਕਾਨੂੰਨ ਦੇ ਪ੍ਰੋਫੈਸਰ ਦੇ ਰੂਪ ਵਿੱਚ ਨਿਵੇਸ਼ ਸੁਰੱਖਿਆ ਅਤੇ ਕਾਰਪੋਰੇਟ ਗਵਰਨੈਂਸ ਵਿੱਚ ਜੇਆਰ ਕਿੰਬਰ ਚੇਅਰ ਦਾ ਅਹੁਦਾ ਸੰਭਾਲਿਆ। ਇਸ ਤੋਂ ਇਲਾਵਾ ਉਹ ਮੈਸੀ ਕਾਲਜ ਦੇ ਐਸੋਸੀਏਟ ਡੀਨ ਅਤੇ ਗਵਰਨਿੰਗ ਬੋਰਡ ਦੀ ਮੈਂਬਰ ਵੀ ਰਹਿ ਚੁੱਕੀ ਹੈ। ਅਨੀਤਾ ਰੋਟਮੈਨ ਸਕੂਲ ਆਫ ਮੈਨੇਜਮੈਂਟ ਦੇ ਕੈਪੀਟਲ ਮਾਰਕਿਟ ਇੰਸਟੀਚਿਊਟ ਵਿੱਚ ਨੀਤੀ ਅਤੇ ਖੋਜ ਦੀ ਡਾਇਰੈਕਟਰ ਵੀ ਰਹਿ ਚੁੱਕੀ ਹੈ। ਉਨ੍ਹਾਂ ਨੇ ਯੇਲ ਲਾਅ ਸਕੂਲ, ਕਵੀਨਜ਼ ਯੂਨੀਵਰਸਿਟੀ ਅਤੇ ਵੈਸਟਰਨ ਯੂਨੀਵਰਸਿਟੀ ਵਿੱਚ ਕਾਨੂੰਨ ਵੀ ਪੜ੍ਹਾਇਆ ਹੈ।
ਅਨੀਤਾ ਆਨੰਦ ਨੇ ਕਵੀਨਜ਼ ਯੂਨੀਵਰਸਿਟੀ ਤੋਂ ਰਾਜਨੀਤਕ ਅਧਿਐਨ ਵਿੱਚ ਬੈਚਲਰ ਆਫ਼ ਆਰਟਸ (ਆਨਰਜ਼), ਆਕਸਫੋਰਡ ਯੂਨੀਵਰਸਿਟੀ ਤੋਂ ਨਿਆਂਸ਼ਾਸਤਰ ਵਿੱਚ ਬੈਚਲਰ ਆਫ਼ ਆਰਟਸ (ਆਨਰਜ਼), ਡਲਹੌਜ਼ੀ ਯੂਨੀਵਰਸਿਟੀ ਤੋਂ ਕਾਨੂੰਨ ਦੀ ਬੈਚਲਰ ਅਤੇ ਟੋਰਾਂਟੋ ਯੂਨੀਵਰਸਿਟੀ ਤੋਂ ਕਾਨੂੰਨ ਦੀ ਇੱਕ ਮਾਸਟਰ ਡਿਗਰੀ ਪ੍ਰਾਪਤ ਕੀਤੀ ਹੈ।