ਲੁਧਿਆਣਾ: ਦੇਸ਼ ਦੇ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਵੱਲੋਂ ਬੀਤੇ ਦਿਨੀਂ ਸੜਕ ਹਾਦਸਿਆਂ ਨੂੰ ਲੈ ਕੇ ਇੱਕ ਡਾਟਾ ਪੇਸ਼ ਕੀਤਾ ਗਿਆ ਹੈ। ਜਿਸ ਵਿੱਚ ਉਹਨਾਂ ਦੱਸਿਆ ਕਿ ਇੱਕ ਸਾਲ ਦੇ ਵਿੱਚ ਪੂਰੇ ਭਾਰਤ ਦੇ ਅੰਦਰ 1 ਲੱਖ 78 ਹਜ਼ਾਰ ਲੋਕਾਂ ਦੀ ਜਾਨ ਚਲੀ ਜਾਂਦੀ ਹੈ, ਜਿਨਾਂ ਵਿੱਚ 60 ਫੀਸਦੀ 18 ਸਾਲ ਤੋਂ 34 ਸਾਲ ਦੇ ਨੌਜਵਾਨ ਹੁੰਦੇ ਹਨ। ਹਾਲਾਂਕਿ ਉਹਨਾਂ ਦਾਅਵਾ ਕੀਤਾ ਸੀ ਕਿ ਸਾਲ 2024 ਦੇ ਅੰਤ ਤੱਕ ਇਹਨਾਂ ਹਾਦਸਿਆਂ ਦੇ ਵਿੱਚ 50 ਫੀਸਦੀ ਤੱਕ ਦੀ ਕਮੀ ਆਵੇਗੀ ਪਰ ਇਸ ਵਿੱਚ ਹੋਰ ਇਜਾਫਾ ਹੋਇਆ ਹੈ।
ਇੰਨ੍ਹਾਂ ਸੂਬਿਆਂ 'ਚ ਸਭ ਤੋਂ ਵੱਧ ਮੌਤਾਂ
ਸਭ ਤੋਂ ਜਿਆਦਾ ਮੌਤਾਂ ਉੱਤਰ ਪ੍ਰਦੇਸ਼ ਦੇ ਵਿੱਚ ਹੋਈਆਂ ਹਨ, ਜਿੱਥੇ 23,652 ਮੌਤਾਂ, ਤਮਿਲਨਾਡੂ ਦੇ ਵਿੱਚ 18,347 ਮੌਤਾਂ, ਮਹਾਰਾਸ਼ਟਰ ਦੇ ਵਿੱਚ 15,366 ਮੌਤਾਂ ਅਤੇ ਮੱਧ ਪ੍ਰਦੇਸ਼ ਦੇ ਵਿੱਚ 13,798 ਮੌਤਾਂ ਸੜਕ ਹਾਦਸਿਆਂ ਕਾਰਨ ਹੋਈਆਂ ਹਨ। ਇਸੇ ਤਰ੍ਹਾਂ ਪੰਜਾਬ ਦੀ ਵੀ ਜੇਕਰ ਗੱਲ ਕੀਤੀ ਜਾਵੇ ਤਾਂ ਇੱਥੇ ਵੀ ਸੜਕ ਹਾਦਸਿਆਂ ਦੇ ਵਿੱਚ ਲੋਕ ਆਪਣੀ ਜਾਨ ਗਵਾ ਰਹੇ ਹਨ।
ਪੰਜਾਬ 'ਚ ਰੋਜ਼ਾਨਾ 15 ਲੋਕਾਂ ਦੀ ਮੌਤ
ਪੰਜਾਬ ਦੇ ਵਿੱਚ ਐਨਸੀਆਰਬੀ ਦੇ ਡਾਟੇ ਦੇ ਮੁਤਾਬਿਕ ਮੌਤ ਦਰ 77.5 ਫੀਸਦੀ ਹੈ। ਸਰਕਾਰੀ ਅੰਕੜਿਆਂ ਦੇ ਮੁਤਾਬਿਕ ਪੰਜਾਬ ਦੇ ਵਿੱਚ ਰੋਜ਼ਾਨਾ ਸੜਕ ਹਾਦਸਿਆਂ ਦੇ ਅੰਦਰ 15 ਲੋਕਾਂ ਦੀ ਮੌਤ ਐਵਰੇਜ ਹੁੰਦੀ ਸੀ। ਹਾਲਾਂਕਿ ਪੰਜਾਬ ਸਰਕਾਰ ਨੇ ਇਹ ਦਾਅਵਾ ਵੀ ਕੀਤਾ ਹੈ ਕਿ ਸੜਕ ਸੁਰੱਖਿਆ ਫੋਰਸ ਸਥਾਪਿਤ ਕਰਨ ਦੇ ਨਾਲ ਸੜਕ ਹਾਦਸਿਆਂ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਦੇ ਵਿੱਚ ਕਾਫੀ ਕਟੌਤੀ ਆਈ ਹੈ।
ਪੰਜਾਬ 'ਚ ਦਿਨੋਂ-ਦਿਨ ਵੱਧ ਰਹੇ ਸੜਕ ਹਾਦਸੇ
ਕੌਮੀ ਸੜਕ ਸੁਰੱਖਿਆ ਕੌਂਸਲ ਦੇ ਮੈਂਬਰ ਰਹੇ ਡਾਕਟਰ ਕਮਲਜੀਤ ਸਿੰਘ ਸੋਈ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਸੜਕ ਹਾਦਸੇ ਦਿਨੋਂ-ਦਿਨ ਵੱਧ ਰਹੇ ਹਨ। ਉਹਨਾਂ ਕਿਹਾ ਕਿ ਹਾਲਾਂਕਿ ਸਰਕਾਰ ਨੇ ਇਹ ਦਾਅਵਾ ਜ਼ਰੂਰ ਕੀਤਾ ਹੈ ਕਿ ਸੜਕ ਸੁਰੱਖਿਆ ਵਾਹਨ ਪੋਲਿਸੀ ਦੇ ਨਾਲ ਸੜਕੀ ਹਾਦਸੇ ਵਿੱਚ ਕਟੌਤੀ ਹੋਈ ਹੈ। ਉਹਨਾਂ ਕਿਹਾ ਕਿ ਨਵਾਂ ਡਾਟਾ ਆਉਣ ਵਾਲਾ ਹੈ, ਉਹਨਾਂ ਨੂੰ ਲੱਗਦਾ ਹੈ ਕਿ ਸੜਕ ਹਾਦਸਿਆਂ ਦੇ ਵਿੱਚ ਹੋਰ ਇਜਾਫਾ ਹੋਇਆ ਹੋਵੇਗਾ। ਉਹਨਾਂ ਕਿਹਾ ਕਿ ਇਸ ਦਾ ਵੱਡਾ ਕਾਰਨ ਸੜਕਾਂ 'ਤੇ ਦੌੜਨ ਵਾਲੀ ਗੱਡੀਆਂ ਦੀ ਰਫ਼ਤਾਰ ਹੈ, ਇਸ ਤੋਂ ਇਲਾਵਾ ਖਰਾਬ ਸੜਕਾਂ, ਇੰਫਰਾਸਟਰਕਚਰ ਦੀ ਕਮੀ, ਸਕੂਲ ਬੱਸ ਟਰਾਂਸਪੋਰਟ ਪੋਲਸੀ ਸਹੀ ਤਰ੍ਹਾਂ ਲਾਗੂ ਨਾ ਕਰਨਾ, ਸਪੀਡ ਰਡਾਰ ਦੀ ਕਮੀ, ਇਨਫੋਰਸਮੈਂਟ ਦੀ ਕਮੀ, ਇਸ ਤੋਂ ਇਲਾਵਾ ਮਾੜੀਆਂ ਸੜਕਾਂ ਆਦਿ ਵੱਡਾ ਕਾਰਨ ਹੈ।
ਨਿਯਮਾਂ ਨੂੰ ਲਾਗੂ ਕਰਨ 'ਚ ਪੁਲਿਸ ਮਹਿਕਮਾ ਨਾਕਾਮ
ਉਹਨਾਂ ਕਿਹਾ ਕਿ ਸੜਕਾਂ ਦੇ ਉੱਤੇ ਪਏ ਖੱਡੇ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਉਹਨਾਂ ਕਿਹਾ ਕਿ ਵੱਡੀ ਗਿਣਤੀ ਦੇ ਵਿੱਚ ਸਾਡੇ ਨੌਜਵਾਨ ਕੀਮਤੀ ਜਾਨਾਂ ਗੁਆ ਰਹੇ ਹਨ। ਪੰਜਾਬ ਦੇ ਵਿੱਚ ਉਹਨਾਂ ਕਿਹਾ ਕਿ ਨਿਯਮਾਂ ਦੀ ਕੋਈ ਪਾਲਣਾ ਨਹੀਂ ਕਰ ਰਿਹਾ ਹੈ। ਸਰਕਾਰੀ ਨਿਯਮਾਂ ਨੂੰ ਲਾਗੂ ਕਰਨ 'ਚ ਪੁਲਿਸ ਮਹਿਕਮਾ ਨਾਕਾਮ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਨਾ ਹੀ ਕੋਈ ਸਪੀਡ ਦੀ ਲਿਮਿਟ ਹੈ ਤੇ ਨਾ ਹੀ ਕੋਈ ਨਿਯਮਾਂ ਦੀ ਪਾਲਣਾ ਕਰਦਾ ਹੈ। ਉਹਨਾਂ ਕਿਹਾ ਕਿ ਪੁਰਾਣੀ ਗੱਡੀਆਂ ਦੀ ਫਿਟਨੈਸ ਰਿਸ਼ਵਤ ਦੇ ਕੇ ਹੋ ਜਾਂਦੀ ਹੈ। ਉਸ 'ਤੇ ਕੋਈ ਲਗਾਮ ਨਹੀਂ ਹੈ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ 60 ਫੀਸਦੀ ਸੜਕ ਹਾਦਸੇ ਦਾ ਕਾਰਨ ਤੇਜ਼ ਰਫਤਾਰ ਹੈ।
ਗੁਆਂਢੀ ਸੂਬੇ ਹਰਿਆਣਾ 'ਚ ਆਟੋਮੈਟਿਕ ਸਪੀਡ ਰਡਾਰ
ਟ੍ਰੈਫਿਕ ਮਾਹਿਰ ਕਮਲਜੀਤ ਸੋਈ ਨੇ ਕਿਹਾ ਕਿ ਹਰਿਆਣਾ ਦੇ ਵਿੱਚ ਆਟੋਮੈਟਿਕ ਸਪੀਡ ਰਡਾਰ ਲੱਗੇ ਹੋਏ ਹਨ। ਜੇਕਰ ਕੋਈ ਸਪੀਡ ਵਧਾਉਂਦਾ ਹੈ ਤਾਂ ਉਸ ਦਾ ਚਲਾਨ ਘਰ ਆ ਜਾਂਦਾ ਹੈ ਪਰ ਪੰਜਾਬ ਹਾਲੇ ਤੱਕ ਇਸ ਕੰਮ ਦੇ ਵਿੱਚ ਨਾਕਾਮ ਰਿਹਾ ਹੈ। ਉਹਨਾਂ ਕਿਹਾ ਕਿ ਟਰਾਂਸਪੋਰਟ ਸਟੇਟ ਸਬਜੈਕਟ ਹੋਣ ਕਰਕੇ ਸਰਕਾਰਾਂ ਇਸ 'ਤੇ ਗੰਭੀਰ ਨਹੀਂ ਹਨ ਅਤੇ ਨਾ ਹੀ ਇਸ ਸਬੰਧੀ ਕੋਈ ਬਜਟ ਰੱਖਿਆ ਜਾਂਦਾ ਹੈ। ਜਦੋਂ ਕਿ ਸਲਾਨਾ ਪੰਜ ਤੋਂ 10 ਹਜ਼ਾਰ ਕਰੋੜ ਦਾ ਨੁਕਸਾਨ ਸਰਕਾਰ ਨੂੰ ਹੋ ਰਿਹਾ ਹੈ।
ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਦੀ ਲੋੜ
ਉਹਨਾਂ ਕਿਹਾ ਕਿ ਸਾਡੇ ਲੋਕ ਕੀਮਤੀ ਜਾਨਾਂ ਸੜਕ ਹਾਦਸਿਆਂ ਦੇ ਵਿੱਚ ਗੁਆ ਰਹੇ ਹਨ। ਜੇਕਰ ਕੋਈ ਸੜਕ ਹਾਦਸਾ ਹੋ ਜਾਂਦਾ ਹੈ ਤਾਂ ਮੌਤ ਹੋਣਾ ਲੱਗਭਗ ਤੈਅ ਹੈ। ਉਹਨਾਂ ਕਿਹਾ ਕਿ ਇਸ 'ਤੇ ਧਿਆਨ ਦੇਣ ਦੀ ਵਿਸ਼ੇਸ਼ ਲੋੜ ਹੈ। ਜਿੱਥੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਹੋਣੀ ਚਾਹੀਦੀ ਹੈ, ਉੱਥੇ ਹੀ ਟ੍ਰੈਫਿਕ ਪੁਲਿਸ ਨੂੰ ਹਾਈ ਟੈਕ ਕਰਨ ਦੀ ਵੀ ਲੋੜ ਹੈ। ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਸਾਲ 2022 ਦੇ ਵਿੱਚ 364 ਲੋਕਾਂ ਦੀ ਜਾਨਾਂ ਇਕੱਲੇ ਲੁਧਿਆਣਾ ਦੇ ਵਿੱਚ ਚਲੀ ਗਈਆਂ ਸਨ। 2021 ਦੇ ਵਿੱਚ ਹਾਲਾਂਕਿ ਇਹ ਅੰਕੜਾ 380 ਮੌਤਾਂ ਸੀ। ਲੁਧਿਆਣਾ ਦੇ ਵਿੱਚ ਮੌਤ ਦਰ ਲੱਗਭਗ 78 ਫੀਸਦੀ ਹੈ। ਭਾਵ ਕਿ ਜੇਕਰ 100 ਐਕਸੀਡੈਂਟ ਹੁੰਦੇ ਹਨ, ਉਹਨਾਂ ਵਿੱਚੋਂ 78 ਲੋਕਾਂ ਦੀ ਮੌਤ ਹੁੰਦੀ ਹੈ।
ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕਰ ਰਹੀ ਪੁਲਿਸ
ਇਸ ਸਬੰਧੀ ਟ੍ਰੈਫਿਕ ਵਿਭਾਗ ਵੱਲੋਂ ਇੱਕ ਜਨਵਰੀ ਤੋਂ ਲੈ ਕੇ 31 ਜਨਵਰੀ ਤੱਕ ਟ੍ਰੈਫਿਕ ਸੁਰੱਖਿਆ ਮਹੀਨਾ ਮਨਾਇਆ ਜਾ ਰਿਹਾ। ਜਿੱਥੇ ਇੱਕ ਪਾਸੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਸੜਕਾਂ 'ਤੇ ਤੇਜ਼ ਰਫਤਾਰ ਗੱਡੀਆਂ ਚਲਾਉਣ ਵਾਲਿਆਂ ਦੇ ਚਲਾਨ ਕੱਟੇ ਜਾ ਰਹੇ ਹਨ। ਲੁਧਿਆਣਾ ਫਿਰੋਜ਼ਪੁਰ ਰੋਡ 'ਤੇ ਬਣੇ ਪੁੱਲ 'ਤੇ ਤੈਨਾਤ ਸਪੀਡ ਰਡਾਰ ਟੀਮ ਦੇ ਇੰਚਾਰਜ ਪ੍ਰਵੇਸ਼ ਕੁਮਾਰ ਨੇ ਦੱਸਿਆ ਕਿ ਰੋਜਾਨਾ 30 ਤੋਂ 35 ਚਲਾਨ ਉਹ ਇੱਥੇ ਕੱਟ ਦਿੰਦੇ ਹਨ। ਉਹਨਾਂ ਕਿਹਾ ਕਿ ਲੋਕਾਂ ਨੂੰ ਸਮਝਾਇਆ ਜਾ ਰਿਹਾ ਹੈ। ਉਹ ਆਪਣੀ ਸਪੀਡ 'ਤੇ ਲਗਾਮ ਲਗਾਉਣ, ਸ਼ਹਿਰ ਦੇ ਵਿੱਚ ਹੌਲੀ ਗੱਡੀ ਚਲਾਉਣ, ਹਾਈਵੇ 'ਤੇ ਵੀ ਧਿਆਨ ਰੱਖਣ, ਸਪੀਡ ਲਿਮਿਟ ਦੇ ਵਿੱਚ ਰਹਿ ਕੇ ਆਪਣੀ ਗੱਡੀ ਚਲਾਉਣ। ਉਹਨਾਂ ਕਿਹਾ ਕਿ ਇਸ ਸਪੀਡ ਨਾਲ ਹੀ ਸੜਕ ਹਾਦਸੇ ਹੁੰਦੇ ਹਨ। ਚੜਦੇ ਸਾਲ ਪੰਜਾਬ ਦੇ ਵਿੱਚ ਕਈ ਸੜਕ ਹਾਦਸੇ ਹੋਏ, ਜਿਸ ਵਿੱਚ ਕਈ ਲੋਕਾਂ ਦੀ ਮੌਤ ਵੀ ਹੋਈ। ਉਹਨਾਂ ਕਿਹਾ ਕਿ ਉਹ ਲੋਕਾਂ ਨੂੰ ਇਹ ਅਪੀਲ ਕਰ ਰਹੇ ਹਨ ਕਿ ਲੋਕ ਵੱਧ ਤੋਂ ਵੱਧ ਆਪਣਾ ਧਿਆਨ ਰੱਖਣ, ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ। ਖਾਸ ਕਰਕੇ ਧੁੰਦ ਦੇ ਦੌਰਾਨ ਗੱਡੀਆਂ ਦੀ ਰਫ਼ਤਾਰ ਘੱਟ ਰੱਖਣ।