ਚੰਡੀਗੜ੍ਹ: ਖਨੌਰੀ ਕਿਸਾਨ ਮੋਰਚਾ ਵਿਖੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 43ਵਾਂ ਦਿਨ ਸੀ, ਬੀਤੀ ਰਾਤ 8.15 ਵਜੇ ਦੇ ਕਰੀਬ ਜਗਜੀਤ ਸਿੰਘ ਡੱਲੇਵਾਲ ਜੀ ਦੀ ਤਬੀਅਤ ਕਾਫੀ ਵਿਗੜ ਗਈ ਅਤੇ ਉਹਨਾਂ ਦਾ ਬਲੱਡ ਪ੍ਰੈਸ਼ਰ 77/45 ਹੋ ਗਿਆ ਅਤੇ ਨਬਜ਼ ਦੀ ਦਰ 38 ਤੋਂ ਹੇਠਾਂ ਡਿੱਗ ਗਈ। ਡਾਕਟਰਾਂ ਨੇ ਦੱਸਿਆ ਕਿ ਜਦੋਂ ਜਗਜੀਤ ਸਿੰਘ ਡੱਲੇਵਾਲ ਜੀ ਦੀਆਂ ਲੱਤਾਂ ਨੂੰ ਥੋੜਾ ਜਿਹਾ ਚੁੱਕਦੇ ਹਨ ਤਾਂ ਬਲੱਡ ਪ੍ਰੈਸ਼ਰ ਕੁਝ ਸਥਿਰ ਹੋ ਜਾਂਦਾ ਹੈ, ਨਹੀਂ ਤਾਂ ਬਲੱਡ ਪ੍ਰੈਸ਼ਰ ਅਤੇ ਨਬਜ਼ ਦੀ ਦਰ ਬਹੁਤ ਘੱਟ ਜਾਂਦੀ ਹੈ।
10 ਜਨਵਰੀ ਨੂੰ ਸਾੜੇ ਜਾਣਗੇ ਪੀਐਮ ਮੋਦੀ ਦੇ ਪੁਤਲੇ
ਕਿਸਾਨ ਆਗੂਆਂ ਨੇ ਕਿਹਾ ਕਿ 10 ਜਨਵਰੀ ਨੂੰ ਦੇਸ਼ ਭਰ 'ਚ ਪਿੰਡ ਪੱਧਰ 'ਤੇ ਮੋਦੀ ਸਰਕਾਰ ਦੇ ਪੁਤਲੇ ਫੂਕੇ ਜਾਣਗੇ ਤਾਂ ਜੋ ਕੇਂਦਰ ਸਰਕਾਰ ਨੂੰ ਪਤਾ ਲੱਗੇ ਕਿ ਅੱਜ ਪਿੰਡਾਂ ਦੇ ਲੋਕ ਐਮ.ਐਸ.ਪੀ ਗਾਰੰਟੀ ਦੇ ਮੁੱਦੇ 'ਤੇ ਜਗਜੀਤ ਸਿੰਘ ਡੱਲੇਵਾਲ ਜੀ ਦੇ ਸੰਘਰਸ਼ ਦੇ ਨਾਲ ਖੜੇ ਹਨ।
26 ਜਨਵਰੀ ਨੂੰ ਦੇਸ਼ ਭਰ ਟਰੈਕਟਰ ਮਾਰਚ
13 ਜਨਵਰੀ ਨੂੰ ਦੇਸ਼ ਭਰ ਵਿੱਚ ਨਵੀਂ ਖੇਤੀ ਨੀਤੀ ਦੇ ਖਰੜੇ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। ਕਿਸਾਨ ਆਗੂਆਂ ਨੇ ਕਿਹਾ ਕਿ 26 ਜਨਵਰੀ ਨੂੰ ਦੇਸ਼ ਭਰ ਵਿੱਚ ਕਿਸਾਨਾਂ ਦੇ ਟਰੈਕਟਰ ਸੜਕਾਂ ’ਤੇ ਉਤਰਨਗੇ ਅਤੇ ਆਉਣ ਵਾਲੇ ਦਿਨਾਂ ਵਿੱਚ ਦੋਵਾਂ ਮੋਰਚਿਆਂ ਵੱਲੋਂ ਉਸ ਪ੍ਰੋਗਰਾਮ ਦੀ ਰੂਪ ਰੇਖਾ ਦਾ ਐਲਾਨ ਕੀਤਾ ਜਾਵੇਗਾ।
ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਨਾਜ਼ੁਕ
ਬੀਤੀ ਰਾਤ 2.30 ਵਜੇ ਤੱਕ ਡਾਕਟਰਾਂ ਦੀ ਅਣਥੱਕ ਮਿਹਨਤ ਸਦਕਾ ਬਲੱਡ ਪ੍ਰੈਸ਼ਰ 95/70 'ਤੇ ਥੋੜ੍ਹਾ ਸਥਿਰ ਹੋ ਗਿਆ। ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਦਿਨ ਭਰ ਨਾਜ਼ੁਕ ਬਣੀ ਰਹੀ ਅਤੇ ਉਹ ਕਿਸੇ ਨਾਲ ਗੱਲ ਵੀ ਨਹੀਂ ਕਰ ਸਕਦੇ ਸਨ। ਕਿਸਾਨ ਆਗੂਆਂ ਨੇ ਕਿਹਾ ਕਿ ਰੱਬ ਨਾ ਕਰੇ ਜੇਕਰ ਜਗਜੀਤ ਸਿੰਘ ਡੱਲੇਵਾਲ ਜੀ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਸ਼ਾਇਦ ਉਸ ਤੋਂ ਬਾਅਦ ਪੈਦਾ ਹੋਣ ਵਾਲੀ ਸਥਿਤੀ ਨੂੰ ਕੇਂਦਰ ਸਰਕਾਰ ਨਹੀਂ ਸੰਭਾਲ ਸਕੇਗੀ, ਇਸ ਲਈ ਕੇਂਦਰ ਸਰਕਾਰ ਨੂੰ ਸਮੇਂ ਸਿਰ ਕਿਸਾਨਾਂ ਦੇ ਮਸਲਿਆਂ ਨੂੰ ਗੰਭੀਰਤਾ ਨਾਲ ਹੱਲ ਕਰਨਾ ਚਾਹੀਦਾ ਹੈ।