ਮਾਨਸਾ: ਮਾਨਸਾ ਦਾ ਸੀਵਰੇਜ ਮਾਨਸਾ ਸ਼ਹਿਰ ਦੇ ਲੋਕਾਂ ਦੇ ਲਈ ਵੱਡੀ ਸਿਰਦਰਦੀ ਬਣ ਗਿਆ ਹੈ। ਜ਼ਿਲ੍ਹੇ ਦੇ ਅਧਿਕਾਰੀ ਅਤੇ ਸਿਆਸੀ ਆਗੂ ਵੀ ਸੀਵਰੇਜ ਦੀ ਸਮੱਸਿਆ ਦਾ ਹੱਲ ਕਰਨ ਤੋਂ ਹੱਥ ਖੜੇ ਕਰ ਗਏ ਦਿਖਾਈ ਦੇ ਰਹੇ ਨੇ ਪਿਛਲੇ ਕਈ ਦਿਨਾਂ ਤੋਂ ਮਾਨਸਾ ਸ਼ਹਿਰ ਦੇ ਵਾਰਡਾਂ ਅਤੇ ਗਲੀਆਂ ਦੇ ਵਿੱਚ ਸੀਵਰੇਜ ਦਾ ਗੰਦਾ ਪਾਣੀ ਭਰਿਆ ਹੋਇਆ ਹੈ ਅਤੇ ਲੋਕ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ।
ਸੀਵਰੇਜ ਦੀ ਸਮੱਸਿਆ ਦੇ ਨਾਲ ਜੂਝ ਰਿਹਾ ਪੂਰਾ ਸ਼ਹਿਰ
ਮਾਨਸਾ ਸ਼ਹਿਰ ਦੇ ਵੀਰ ਨਗਰ ਚੌਂਕ ਰਵੀਦਾਸ ਮੰਦਿਰ ਠੂਠਿਆਂ ਵਾਲੀ ਰੋਡ ਤੋਂ ਇਲਾਵਾ ਸ਼ਹਿਰ ਦੇ ਕਈ ਹਿੱਸੇ ਸੀਵਰੇਜ ਦੇ ਗੰਦੇ ਪਾਣੀ ਵਿੱਚ ਡੁੱਬੇ ਹੋਏ ਨੇ ਅਤੇ ਸੀਵਰੇਜ ਦੀ ਸਮੱਸਿਆ ਦਾ ਹੱਲ ਕਰਵਾਉਣ ਦੇ ਲਈ ਮਾਨਸਾ ਦੇ ਬੱਸ ਸਟੈਂਡ 'ਤੇ ਪਿਛਲੇ 72 ਦਿਨਾਂ ਤੋਂ ਸ਼ਹਿਰ ਵਾਸੀਆਂ ਦਾ ਧਰਨਾ ਪ੍ਰਦਰਸ਼ਨ ਵੀ ਚੱਲ ਰਿਹਾ ਹੈ ਅਤੇ ਹੁਣ 12 ਜਨਵਰੀ ਨੂੰ ਮਾਨਸਾਂ ਦੇ ਵਿਧਾਇਕ ਦੇ ਘਰ ਬਾਹਰ ਸਰਕਾਰ ਦਾ ਸ਼ਹਿਰ ਵਾਸੀਆਂ ਵੱਲੋਂ ਪਿੱਟ ਸਿਆਪਾ ਕਰਨ ਦਾ ਵੀ ਐਲਾਨ ਕੀਤਾ ਹੈ।
ਗਲੀਆਂ 'ਚ ਫੈਲਿਆ ਸੀਵਰੇਜ ਦਾ ਗੰਦਾ
ਮਾਨਸਾ ਸ਼ਹਿਰ ਦੇ ਲੋਕਾਂ ਨੇ ਕਿਹਾ ਕਿ ਸੀਵਰੇਜ ਦਾ ਗੰਦਾ ਪਾਣੀ ਇੰਨਾਂ ਜਿਆਦਾ ਸੜਕਾਂ ਅਤੇ ਗਲੀਆਂ ਦੇ ਵਿੱਚ ਫੈਲ ਚੁੱਕਿਆ ਹੈ। ਜਿਸ ਕਾਰਨ ਲੋਕ ਪਰੇਸ਼ਾਨੀ ਦੇ ਵਿੱਚ ਘਿਰੇ ਹੋਏ ਹਨ, ਜਿਸ ਨਾਲ ਗੰਭੀਰ ਬਿਮਾਰੀਆਂ ਫੈਲਣ ਦਾ ਵੀ ਖਦਸਾ ਬਣਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਮਾਨਸਾ ਸ਼ਹਿਰ ਦੇ ਸੀਵਰੇਜ ਦੀ ਸਮੱਸਿਆ ਦਾ ਹੱਲ ਕਰਨ ਦੇ ਲਈ ਦਾਅਵੇ ਤਾਂ ਕੀਤੇ ਜਾ ਰਹੇ ਹਨ ਪਰ ਇਹ ਦਾਅਵੇ ਅਜੇ ਤੱਕ ਸਿਰਫ ਖੋਖਲੇ ਹੀ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮਾਨਸਾ ਸ਼ਹਿਰ ਦੇ ਲੋਕਾਂ ਵੱਲੋਂ 12 ਜਨਵਰੀ ਨੂੰ ਮਾਨਸਾ ਦੇ ਵਿਧਾਇਕ ਦੇ ਘਰ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ।