ਮਾਨਸਾ ਜ਼ਿਲ੍ਹੇ ਵਿੱਚ ਨਵੇਂ ਬਣੇ ਰਜਵਾਹਾ ’ਚ ਪਿਆ 30 ਫੁੱਟ ਦਾ ਪਾੜ, ਕਿਸਾਨਾ ਦੀ ਸੈਂਕੜੇ ਏਕੜ ਦੇ ਕਰੀਬ ਫਸਲ ਹੋਈ ਬਰਬਾਦ ਮਾਨਸਾ: ਮਾਨਸਾ ਜ਼ਿਲ੍ਹੇ ਦੇ ਪਿੰਡ ਮਾਖਾ ਦੇ ਨਜ਼ਦੀਕ ਤੋਂ ਗੁਜਰ ਦੇ ਰਜਵਾਹੇ ਵਿੱਚ 30 ਫੁੱਟ ਪਾੜ ਪੈ ਗਿਆ ਹੈ। ਜਿਸ ਕਾਰਨ ਕਿਸਾਨਾਂ ਦੀ ਕਣਕ ਅਤੇ ਸਬਜ਼ੀਆਂ ਦੀ ਫਸਲ ਵਿੱਚ ਪਾਣੀ ਭਰ ਜਾਣ ਕਾਰਨ 200 ਏਕੜ ਦੇ ਕਰੀਬ ਫਸਲ ਬਰਬਾਦ ਹੋ ਚੁੱਕੀ ਹੈ।
ਕਿਸਾਨਾਂ ਦੀਆਂ ਫਸਲਾਂ ਦਾ ਹੋਇਆ ਭਾਰੀ ਨੁਕਸਾਨ: ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਘਰਾਂ ਚੋਂ ਬੋਰੀਆਂ ਲੈ ਕੇ ਦਰਾਰ ਨੂੰ ਭਰਨ ਦਾ ਕੰਮ ਸ਼ੁਰੂ ਕੀਤਾ ਹੈ। ਪਰ ਫਿਰ ਵੀ ਪਾਣੀ ਦਾ ਵਹਾਅ ਨਹੀਂ ਰੁਕ ਰਿਹਾ। ਉਨ੍ਹਾਂ ਨੇ ਦੁਖੀ ਮਨ ਨਾਲ ਕਿਹਾ ਕਿ ਰਜਵਾਹੇ ਵਿੱਚ ਹਰ ਸਾਲ ਦਰਾਰ ਪੈਂਦੀ ਹੈ ਅਤੇ ਕਿਸਾਨਾਂ ਦਾ ਭਾਰੀ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕਦੇ ਵੀ ਸਾਡੀ ਬਾਂਹ ਨਹੀਂ ਫੜੀ।
ਰਜਵਾਹੇ ਵਿੱਚ ਪਏ ਪਾੜ ਦਾ ਕਾਰਨ: ਕਿਸਾਨਾਂ ਨੇ ਕਿਹਾ ਕਿ ਉਹ ਸਵੇਰ ਤੋਂ ਹੀ ਰਜਵਾਹੇ ਵਿੱਚ ਪਏ ਪਾੜ ਨੂੰ ਬੰਦ ਕਰਨ ਵਿੱਚ ਲੱਗੇ ਹੋਏ ਹਨ। ਪਰ ਨਾ ਹੀ ਨਹਿਰੀ ਵਿਭਾਗ ਦਾ ਕੋਈ ਅਧਿਕਾਰੀ ਆਇਆ ਤੇ ਨਾ ਹੀ ਜ਼ਿਲ੍ਹਾ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਕਿਸਾਨਾਂ ਦੀ ਸਾਰ ਲੈਣ ਆਇਆ। ਰਜਵਾਹਾ ਤਿਆਰ ਕਰਨ ਵਿੱਚ ਵਰਤਿਆ ਗਿਆ ਘਟੀਆ ਮਟੀਰੀਅਲ ਅਤੇ ਵਿਭਾਗ ਦੀ ਲਾਪਰਵਾਹੀ ਦੇ ਕਾਰਨ ਹੀ ਅੱਜ ਇਸ ਦਾ ਬੰਨ੍ਹ ਟੁੱਟਿਆ ਹੈ। ਜਿਸ ਕਾਰਨ ਉਨ੍ਹਾਂ ਦੀ ਕਣਕ ਦੀ ਫਸਲ ਅਤੇ ਸਬਜ਼ੀਆਂ ਦੀ ਬਰਬਾਦੀ ਹੋ ਗਈ ਹੈ।
ਕਣਕ ਦੀ ਖ਼ਰਾਬ ਹੋਈ ਫਸਲ ਦਾ ਮੁਆਵਜ਼ਾ:ਕਿਸਾਨਾਂ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਉਨ੍ਹਾਂ ਨੂੰ ਕਣਕ ਦੀ ਖ਼ਰਾਬ ਹੋਈ ਫਸਲ ਦਾ ਮੁਆਵਜ਼ਾ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਦੇ ਖਿਲਾਫ਼ ਕਿਸਾਨ ਪ੍ਰਦਰਸ਼ਨ ਕਰਨ ਦੇ ਲਈ ਮਜਬੂਰ ਹੋਣਗੇ। ਕਿਸਾਨਾਂ ਵੱਲੋਂ ਸਰਕਾਰ ਤੋਂ ਫਸਲ ਦੇ ਮੁਆਵਦੇ ਦੀ ਮੰਗ ਕੀਤੀ ਗਈ ਹੈ।