ਲੁਧਿਆਣਾ: ਬਾਪੂ ਸੂਰਤ ਸਿੰਘ ਖਾਲਸਾ ਦਾ ਦਿਹਾਂਤ ਹੋ ਗਿਆ ਹੈ, ਉਹ ਅਮਰੀਕਾ ਦੇ ਵਿੱਚ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਕੋਲ ਸੀ ਜਦੋਂ ਉਹਨਾਂ ਨੇ ਆਖਰੀ ਸਾਹ ਲਏ। ਉਨ੍ਹਾਂ ਦਾ 91 ਸਾਲ ਦੀ ਉਮਰ 'ਚ ਦਿਹਾਂਤ ਹੋਇਆ ਹੈ। ਇਸ ਤੋਂ ਪਹਿਲਾਂ ਉਹ ਲੁਧਿਆਣਾ ਦੇ ਡੀਐਮਸੀ ਹਸਪਤਾਲ ਦੇ ਵਿੱਚ ਵੀ ਕਾਫੀ ਸਮਾਂ ਦਾਖਲ ਰਹੇ।
ਅਮਰੀਕਾ 'ਚ ਲਏ ਆਖਰੀ ਸਾਹ
ਮੋਹਾਲੀ ਦੇ ਵਿੱਚ ਬੰਦੀ ਸਿੰਘਾਂ ਨੂੰ ਲੈ ਕੇ ਲੱਗੇ ਪੱਕੇ ਮੋਰਚੇ ਦੇ ਵਿੱਚ ਜਾਣ ਲਈ ਉਹਨਾਂ ਵੱਲੋਂ ਜਿੱਦ ਕੀਤੀ ਗਈ ਸੀ, ਜਿਸ ਤੋਂ ਬਾਅਦ ਬਾਪੂ ਸੂਰਤ ਸਿੰਘ ਖਾਲਸਾ ਨੂੰ ਕੁਝ ਸਮਾਂ ਡੀਐਮਸੀ ਦੇ ਵਿੱਚ ਰੱਖਿਆ ਗਿਆ ਤੇ ਫਿਰ ਉਹਨਾਂ ਨੂੰ ਘਰ ਦੇ ਵਿੱਚ ਹੀ ਡੱਕਿਆ ਗਿਆ। ਇਸ ਤੋਂ ਬਾਅਦ ਲੁਧਿਆਣਾ ਦੇ ਪਿੰਡ ਹਸਨਪੁਰ ਵਿੱਚ ਸਥਿਤ ਆਪਣੀ ਰਿਹਾਇਸ਼ 'ਤੇ ਰਹਿਣ ਤੋਂ ਬਾਅਦ ਉਹ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਕੋਲ ਅਮਰੀਕਾ ਚਲੇ ਗਏ ਸਨ, ਜਿਸ ਤੋਂ ਬਾਅਦ ਦੇਰ ਰਾਤ ਉਹਨਾਂ ਦਾ ਦਿਹਾਂਤ ਹੋ ਗਿਆ ਹੈ।
ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵੱਡਾ ਮਰਨ ਵਰਤ
ਬਾਪੂ ਸੂਰਤ ਸਿੰਘ ਖਾਲਸਾ ਵੱਲੋਂ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵੱਡਾ ਮਰਨ ਵਰਤ ਰੱਖਿਆ ਗਿਆ ਸੀ। ਉਹਨਾਂ ਵੱਲੋਂ 16 ਜਨਵਰੀ 2015 ਨੂੰ 82 ਸਾਲ ਦੀ ਉਮਰ ਦੇ ਵਿੱਚ ਆਪਣਾ ਸੰਘਰਸ਼ ਸ਼ੁਰੂ ਕੀਤਾ ਤੇ 14 ਜਨਵਰੀ 2023 ਦੇ ਤੱਕ ਉਹਨਾਂ ਦਾ ਵਰਤ ਜਾਰੀ ਰਿਹਾ। ਜਿਸ ਤੋਂ ਬਾਅਦ ਪ੍ਰਸ਼ਾਸਨ ਅਤੇ ਉਹਨਾਂ ਦੇ ਪਰਿਵਾਰ ਮੈਂਬਰਾਂ ਤੇ ਸਾਥੀਆਂ ਦੇ ਕਹਿਣ 'ਤੇ ਉਹਨਾਂ ਨੇ ਇਹ ਮਰਨ ਵਰਤ ਤੋੜਿਆ। ਇਹ ਵੀ ਕਿਹਾ ਜਾਂਦਾ ਹੈ ਕਿ ਜੇਲ੍ਹ 'ਚ ਸਜ਼ਾ ਭੁਗਤ ਰਹੇ ਬੰਦੀ ਸਿੱਖ ਕੈਦੀ ਜਗਤਾਰ ਸਿੰਘ ਹਵਾਰਾ ਵਲੋਂ ਵੀ ਉਨ੍ਹਾਂ ਨੂੰ ਮਰਨ ਵਰਤ ਤੋੜਨ ਲਈ ਅਪੀਲ ਕੀਤੀ ਗਈ ਸੀ।
ਜੇਲਾਂ 'ਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ
ਬਾਪੂ ਸੂਰਤ ਸਿੰਘ ਖਾਲਸਾ ਦਾ ਮੁੱਖ ਮਕਸਦ ਪੰਜਾਬ ਅਤੇ ਹੋਰ ਦੇਸ਼ ਦੀਆਂ ਵੱਖ-ਵੱਖ ਜੇਲਾਂ ਦੇ ਵਿੱਚ ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਯਕੀਨੀ ਬਣਾਉਣਾ ਸੀ ਜੋ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਪਰ ਇਸ ਦੇ ਬਾਵਜੂਦ ਉਹਨਾਂ ਨੂੰ ਜੇਲਾਂ ਦੇ ਵਿੱਚ ਰੱਖਿਆ ਗਿਆ ਹੈ। ਬੰਦੀ ਸਿੰਘ ਜਗਤਾਰ ਸਿੰਘ ਹਵਾਰਾ ਵੱਲੋਂ ਕੀਤੀ ਗਈ ਭਾਵੁਕ ਅਪੀਲ ਤੋਂ ਬਾਅਦ ਹੀ ਸੂਰਤ ਸਿੰਘ ਖਾਲਸਾ ਨੇ ਆਪਣੇ 90ਵੇਂ ਜਨਮਦਿਨ ਤੋਂ ਠੀਕ ਪਹਿਲਾਂ ਆਪਣਾ ਮਨ ਵਰਤ ਖਤਮ ਕੀਤਾ ਸੀ। ਬੰਦੀ ਸਿੰਘਾ ਦੀ ਰਿਹਾਈ ਲਈ ਲਗਾਏ ਗਏ ਕੌਮੀ ਇਨਸਾਫ ਮੋਰਚੇ ਦੇ ਵਿੱਚ ਜਾ ਕੇ ਉਹ ਦਮ ਤੋੜਨਾ ਚਾਹੁੰਦੇ ਸਨ ਪਰ ਸੂਰਤ ਸਿੰਘ ਖਾਲਸਾ ਨੂੰ ਅਜਿਹਾ ਨਹੀਂ ਕਰਨ ਦਿੱਤਾ ਗਿਆ। ਬਾਪੂ ਸੂਰਤ ਸਿੰਘ ਖਾਲਸਾ ਨੂੰ ਨੱਕ ਦੇ ਰਾਹੀਂ ਹੀ ਫੀਡ ਦਿੱਤੀ ਜਾ ਰਹੀ ਸੀ।
ਮਨੁੱਖੀ ਅਧਿਕਾਰਾਂ ਦੇ ਵੀ ਰਹਿ ਚੁੱਕੇ ਸੀ ਵਕੀਲ
ਬਾਪੂ ਸੂਰਤ ਸਿੰਘ ਖਾਲਸਾ ਦਾ ਜਨਮ ਸੱਤ ਮਾਰਚ 1933 ਦੇ ਵਿੱਚ ਹੋਇਆ ਸੀ। ਉਹ ਸ਼ੁਰੂ ਤੋਂ ਹੀ ਸਿੱਖ ਕੌਮ ਨਾਲ ਸੰਬੰਧਿਤ ਚੱਲ ਰਹੀ ਹੈ। ਰਾਜਨੀਤਿਕ ਅਤੇ ਧਾਰਮਿਕ ਸਰਗਰਮੀਆਂ ਦੇ ਵਿੱਚ ਹਿੱਸਾ ਲੈਂਦੇ ਰਹੇ। ਬਾਪੂ ਸੂਰਤ ਸਿੰਘ ਖਾਲਸਾ ਮਨੁੱਖੀ ਅਧਿਕਾਰਾਂ ਦੇ ਵਕੀਲ ਵੀ ਰਹਿ ਚੁੱਕੇ ਹਨ। 1980 ਦੇ ਵਿੱਚ ਹੋਏ ਧਰਮ ਯੁੱਧ ਮੋਰਚੇ ਦੇ ਅੰਦਰ ਬਾਪੂ ਸੂਰਤ ਸਿੰਘ ਖਾਲਸਾ ਨੇ ਸਲਾਹਕਾਰ ਵਜੋਂ ਆਪਣੀਆਂ ਸੇਵਾਵਾਂ ਨਿਭਾਈਆਂ ਸਨ। 1984 ਦੇ ਵਿੱਚ ਹੋਏ ਆਪਰੇਸ਼ਨ ਬਲੂ ਸਟਾਰ ਦੇ ਦੌਰਾਨ ਉਹ ਮਨੁੱਖੀ ਅਧਿਕਾਰਾਂ ਦੇ ਵਕੀਲ ਵਜੋਂ ਆਪਣੀਆਂ ਸੇਵਾਵਾਂ ਨਿਭਾਉਂਦੇ ਰਹੇ, ਸਿੱਖਾਂ ਦੇ ਹੱਕਾਂ ਪ੍ਰਤੀ ਲੜਦੇ ਰਹੇ ਤੇ ਯੂਨਾਈਟਡ ਅਕਾਲੀ ਦਲ ਦੇ ਸਕੱਤਰ ਵਜੋਂ ਵੀ ਉਹ ਤੈਨਾਤ ਰਹੇ।
ਜ਼ਿੰਦਗੀ ਦੇ ਸੰਘਰਸ਼ ਦੌਰਾਨ ਕਈ ਜੇਲਾਂ ਕੱਟੀਆਂ
1986 ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਦੇ ਦੌਰਾਨ ਬਾਪੂ ਸੂਰਤ ਸਿੰਘ ਖਾਲਸਾ ਦੇ ਪੈਰ ਦੇ ਵਿੱਚ ਗੋਲੀ ਲੱਗੀ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਸਿਆਸੀ ਸਫ਼ਰ ਵੀ ਸ਼ੁਰੂ ਹੋਇਆ। ਇਸ ਦੌਰਾਨ ਉਹ ਪੰਜਾਬ ਦੀਆਂ ਵੱਖ-ਵੱਖ ਜੇਲਾਂ ਦੇ ਵਿੱਚ ਵੀ ਬੰਦ ਰਹੇ, ਜਿਸ ਦੇ ਵਿੱਚ ਪਟਿਆਲਾ ਦੀ ਜੇਲ, ਨਾਭਾ ਦੀ ਜੇਲ, ਚੰਡੀਗੜ ਦੀ ਜੇਲ, ਅੰਮ੍ਰਿਤਸਰ ਦੀ ਜੇਲ ਸ਼ਾਮਿਲ ਹੈ।
ਸਿੱਖ ਕੈਦੀਆਂ ਦੀ ਰਿਹਾਈ ਲਈ ਮਰਨ ਵਰਤ
1988 ਦੇ ਵਿੱਚ ਬਾਪੂ ਸੂਰਤ ਸਿੰਘ ਖਾਲਸਾ ਨੂੰ ਅਮਰੀਕਾ ਦੀ ਸਿਟੀਜਨਸ਼ਿਪ ਮਿਲ ਗਈ। ਉਹਨਾਂ ਦੇ ਪੰਜ ਬੱਚੇ ਅਤੇ ਪਰਿਵਾਰ ਅਮਰੀਕਾ ਦੇ ਨਿਵਾਸੀ ਹਨ। 2013 ਦੇ ਵਿੱਚ ਜਦੋਂ ਅੰਬ ਸਾਹਿਬ ਦਾ ਮੋਰਚਾ ਲਗਾਇਆ ਗਿਆ ਤਾਂ ਬਾਪੂ ਸੂਰਤ ਸਿੰਘ ਖਾਲਸਾ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਜਿਹੜਾ ਰਾਜਨੀਤਿਕ ਤੌਰ ਉਤੇ ਸਿੱਖ ਕੈਦੀਆਂ ਨੂੰ ਜੇਲ ਵਿੱਚ ਡੱਕਿਆ ਗਿਆ ਹੈ, ਉਹਨਾਂ ਦੀ ਰਿਹਾਈ ਲਈ ਸੰਘਰਸ਼ ਸ਼ੁਰੂ ਕਰਨਗੇ। 16 ਜਨਵਰੀ 2015 ਦੇ ਵਿੱਚ ਜਦੋਂ ਪੰਜਾਬ ਦੇ ਅੰਦਰ ਅਕਾਲੀ ਭਾਜਪਾ ਦੀ ਸਰਕਾਰ ਸੀ ਉਸ ਵੇਲੇ ਉਹਨਾਂ ਨੇ ਅਣਮਿੱਥੇ ਸਮੇਂ ਦੇ ਲਈ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਸੀ।