ਲੁਧਿਆਣਾ: ਆਏ ਦਿਨ ਕਈ ਦੁਰਘਟਨਾਵਾਂ ਦੇ ਮਾਮਲੇ ਸੁਣਨ ਨੂੰ ਮਿਲਦੇ ਹਨ। ਅਜਿਹਾ ਹੀ ਹੁਣ ਮਾਮਲਾ ਖੰਨਾ ਤੋਂ ਸਾਹਮਣੇ ਆਇਆ ਹੈ, ਜਿੱਥੇ ਅੰਮ੍ਰਿਤਸਰ ਤੋਂ ਨਵੀਂ ਦਿੱਲੀ ਜਾ ਰਹੀ ਸ਼ਾਨ-ਏ-ਪੰਜਾਬ ਐਕਸਪ੍ਰੈਸ ਦੇ ਪਹੀਏ ਨੂੰ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਦੇਖ ਕੇ ਯਾਤਰੀਆਂ 'ਚ ਦਹਿਸ਼ਤ ਦਾ ਮਹੌਲ ਬਣ ਗਿਆ। ਹਾਲਾਂਕਿ, ਇਸ ਹਾਦਸੇ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਡਰਾਈਵਰ ਦੀ ਚੌਕਸੀ ਨੇ ਬਚਾਈ ਯਾਤਰੀਆਂ ਦੀ ਜਾਨ
ਡਰਾਈਵਰ ਨੇ ਸਾਵਧਾਨੀ ਵਰਤਦੇ ਹੋਏ ਐਮਰਜੈਂਸੀ ਬ੍ਰੇਕਾਂ ਲਗਾ ਕੇ ਰੇਲ ਗੱਡੀ ਨੂੰ ਰੋਕਿਆ ਅਤੇ ਅੱਗ ਬੁਝਾਈ। ਡਰਾਈਵਰ ਦੀ ਚੌਕਸੀ ਕਾਰਨ ਯਾਤਰੀਆਂ ਦੀ ਜਾਨ ਬਚ ਗਈ। ਇਸ ਘਟਨਾ ਸਬੰਧੀ ਉੱਚ ਅਧਿਕਾਰੀਆਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਸੀ। ਦੱਸ ਦੇਈਏ ਕਿ ਕੰਪਾਰਟਮੈਂਟ ਦੇ ਹੇਠਾਂ ਅੱਗ ਦੀਆਂ ਲਪਟਾਂ ਅਤੇ ਧੂੰਆਂ ਉੱਠਦਾ ਦੇਖ ਕੇ ਯਾਤਰੀ ਕਾਫ਼ੀ ਡਰ ਗਏ ਸੀ।
ਅੱਗ 'ਤੇ ਪਾਇਆ ਕਾਬੂ
ਮੌਕੇ 'ਤੇ ਪਹੁੰਚੇ ਰੇਲਵੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਅੱਗ ਬੁਝਾਉਣ ਅਤੇ ਫਿਰ ਤਕਨੀਕੀ ਜਾਂਚ ਤੋਂ ਬਾਅਦ ਰੇਲ ਗੱਡੀ ਨੂੰ ਮੰਜ਼ਿਲ ਵੱਲ ਰਵਾਨਾ ਕੀਤਾ ਗਿਆ। ਹਾਲਾਂਕਿ, ਇਸ ਹਾਦਸੇ 'ਚ ਕਿਸੇ ਯਾਤਰੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ ਅਤੇ ਅੱਗ ਦਾ ਸਮੇਂ ਸਿਰ ਪਤਾ ਲੱਗਣ ਕਾਰਨ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਸ਼ੁਰੂਆਤੀ ਜਾਂਚ ਵਿੱਚ ਅੱਗ ਲੱਗਣ ਦਾ ਕਾਰਨ ਬਰੇਕ ਲੈਦਰ ਦਾ ਜਾਮ ਹੋਣਾ ਦੱਸਿਆ ਗਿਆ ਸੀ ਪਰ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਯਾਤਰੀਆਂ ਦਾ ਕੀ ਕਹਿਣਾ ਹੈ?
ਇਸ ਦੌਰਾਨ ਗੱਲਬਾਤ ਕਰਦੇ ਹੋਏ ਯਾਤਰੀਆਂ ਨੇ ਕਿਹਾ ਕਿ ਅਚਾਨਕ ਰੇਲਗੱਡੀ ਦੇ ਡੱਬੇ ਵਿੱਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ ਸੀ, ਜਿਸ ਤੋਂ ਬਾਅਦ ਗੈਸ ਦਾ ਧਮਾਕਾ ਹੋਇਆ ਅਤੇ ਸ਼ੀਸ਼ਾ ਟੁੱਟ ਗਿਆ, ਜਿਸ ਕਾਰਨ ਭਗਦੜ ਮਚ ਗਈ। ਰੇਲਗੱਡੀ ਵਿੱਚ ਸਵਾਰ ਯਾਤਰੀ ਬਹੁਤ ਘਬਰਾ ਗਏ ਸਨ। ਫਿਰ ਐਮਰਜੈਂਸੀ ਬ੍ਰੇਕਾਂ ਲਗਾ ਕੇ ਗੱਡੀ ਨੂੰ ਰੋਕਿਆ ਗਿਆ ਅਤੇ ਸਾਰੇ ਬਾਹਰ ਨਿਕਲ ਆਏ। ਗੱਡੀ ਲਗਭਗ ਪੌਣੇ ਘੰਟੇ ਬਾਅਦ ਦੁਬਾਰਾ ਚੱਲੀ ਹੈ।
ਲੁਧਿਆਣਾ ਤੋਂ ਪਾਣੀਪਤ ਜਾ ਰਹੇ ਬ੍ਰਿਜੇਸ਼ ਕੁਮਾਰ ਨੇ ਕਿਹਾ ਕਿ ਘਟਨਾ ਤੋਂ ਬਾਅਦ ਉਸਦੀ ਪਤਨੀ ਅਤੇ ਬੱਚੇ ਬਹੁਤ ਡਰੇ ਹੋਏ ਸਨ। ਇਸ ਲਈ ਉਹ ਖੰਨਾ ਰੇਲਵੇ ਸਟੇਸ਼ਨ ਹੀ ਉਤਰ ਗਏ। ਹੁਣ ਉਹ ਬੱਸ ਰਾਹੀਂ ਜਾਣਗੇ। ਦੂਜੇ ਪਾਸੇ, ਟ੍ਰੇਨ ਗਾਰਡ ਨੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਸਿਰਫ਼ ਸੀਨੀਅਰ ਰੇਲਵੇ ਅਧਿਕਾਰੀ ਹੀ ਮੀਡੀਆ ਨੂੰ ਕੋਈ ਬਿਆਨ ਦੇ ਸਕਦੇ ਹਨ। ਹਾਲਾਂਕਿ, ਉਨ੍ਹਾਂ ਨੇ ਇੰਨਾ ਜ਼ਰੂਰ ਕਿਹਾ ਕਿ ਗੱਡੀ ਹੁਣ ਠੀਕ ਹਾਲਤ ਵਿੱਚ ਹੈ ਅਤੇ ਚੱਲ ਰਹੀ ਹੈ।
ਇਹ ਵੀ ਪੜ੍ਹੋ:-
- ਕਿਸਾਨ ਆਗੂ ਡੱਲੇਵਾਲ ਦੀ ਸਿਹਤ ਨਾਜ਼ੁਕ, ਸੁਪਰੀਮ ਕੋਰਟ 'ਚ ਅੱਜ ਸੁਣਵਾਈ, ਖਨੌਰੀ ਸਰਹੱਦ 'ਤੇ 111 ਕਿਸਾਨ ਕਰਨਗੇ ਭੁੱਖ ਹੜਤਾਲ
- ਪੰਜਾਬ-ਚੰਡੀਗੜ੍ਹ 'ਚ ਅੱਜ ਧੁੰਦ ਤੇ ਮੀਂਹ ਦੀ ਸੰਭਾਵਨਾ: ਤਾਪਮਾਨ 'ਚ ਆਈ ਗਿਰਾਵਟ, ਪਠਾਨਕੋਟ ਤੇ ਲੁਧਿਆਣਾ ਸਭ ਤੋਂ ਠੰਡੇ
- ਕਿਸ ਨੂੰ ਆਪਣੇ ਪਿਆਰ ਨਾਲ ਮਿਲੇਗੀ ਖੁਸ਼ੀਂ, ਕਿਸ ਨੂੰ ਕਰਨਾ ਹੋਵੇਗਾ ਆਪਣੀਆਂ ਖੁਸ਼ੀਆਂ ਲਈ ਇੰਤਜ਼ਾਰ, ਪੜ੍ਹੋ ਅੱਜ ਦਾ ਰਾਸ਼ੀਫ਼ਲ