ਚੰਡੀਗੜ੍ਹ: ਜ਼ਹਿਰੀਲੀ ਸ਼ਰਾਬ ਪੀਣ ਵਾਲਿਆਂ ਦੀ ਸੂਚੀ ਲਗਾਤਾਰ ਵਧਦੀ ਜਾ ਰਹੀ ਹੈ। ਜ਼ਿਲ੍ਹੇ ਦੇ ਪਿੰਡ ਗੁੱਜਰਾਂ, ਉਪਲੀ, ਡੰਡੋਲੀ ਵਿੱਚ 11 ਲੋਕਾਂ ਦੀ ਮੌਤ ਤੋਂ ਬਾਅਦ 22 ਮਾਰਚ ਨੂੰ ਸੁਨਾਮ ਵਿੱਚ 5 ਲੋਕਾਂ ਦੀ ਮੌਤ ਹੋ ਗਈ ਅਤੇ ਅੱਜ 5 ਲੋਕਾਂ ਦੀ ਮੌਤ ਹੋ ਗਈ, ਯਾਨੀ ਅੱਜ ਸੁਨਾਮ ਵਿੱਚ ਕੁੱਲ ਮਰਨ ਵਾਲਿਆਂ ਦੀ ਗਿਣਤੀ 9 ਅਤੇ ਜ਼ਿਲ੍ਹਾ ਸੰਗਰੂਰ ਵਿੱਚ ਮੌਤਾਂ ਦੀ ਕੁੱਲ ਗਿਣਤੀ 21 ਹੋ ਗਈ ਹੈ।
40 ਲੋਕ ਪ੍ਰਭਾਵਿਤ: ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ.ਐਮ.ਓ ਸੰਗਰੂਰ ਕਿਰਪਾਲ ਸਿੰਘ ਨੇ ਦਿੱਤੀ। ਹਸਪਤਾਲ ਵਿੱਚ ਈਥਾਨੌਲ ਕੈਮੀਕਲ ਨਾਲ ਪੀੜਤ ਮਰੀਜ਼ ਲਗਾਤਾਰ ਮਰ ਰਹੇ ਹਨ। ਹੁਣ ਤੱਕ ਕੁੱਲ 40 ਲੋਕ ਜ਼ਹਿਰੀਲੀ ਸ਼ਰਾਬ ਪੀਣ ਤੋਂ ਬਾਅਦ ਵੱਖ-ਵੱਖ ਹਸਪਤਾਲਾਂ 'ਚ ਪਹੁੰਚ ਚੁੱਕੇ ਹਨ, ਜਿਨ੍ਹਾਂ 'ਚੋਂ 10 ਲੋਕ ਪਟਿਆਲਾ ਦੇ ਰਜਿੰਦਰਾ ਹਸਪਤਾਲ 'ਚ ਅਤੇ 6 ਲੋਕ ਸੰਗਰੂਰ ਦੇ ਹਸਪਤਾਲ 'ਚ ਜ਼ੇਰੇ ਇਲਾਜ ਹਨ। ਜਿਨ੍ਹਾਂ ਵਿੱਚੋਂ ਸੰਗਰੂਰ ਦੇ ਸਿਵਲ ਹਸਪਤਾਲ ਵਿੱਚੋਂ 2 ਮਰੀਜ਼ ਅਤੇ ਰਾਜਿੰਦਰਾ ਹਸਪਤਾਲ ਵਿੱਚੋਂ 1 ਮਰੀਜ਼ ਜ਼ੇਰੇ ਇਲਾਜ ਹਸਪਤਾਲ ਵਿੱਚੋਂ ਫ਼ਰਾਰ ਹੋ ਗਿਆ ਹੈ। ਜਿਨ੍ਹਾਂ ਵਿਚੋਂ 20 ਤਰੀਕ ਨੂੰ ਪਹਿਲੇ ਦਿਨ 4, ਅਗਲੇ ਦਿਨ 21 ਨੂੰ 4 ਅਤੇ ਅਗਲੇ ਦਿਨ 22 ਨੂੰ 8 ਅਤੇ ਅੱਜ 23 ਮਾਰਚ ਨੂੰ 5 ਵਿਅਕਤੀਆਂ ਦੀ ਮੌਤ ਹੋ ਗਈ।
ਹੋਰ ਗ੍ਰਿਫ਼ਤਾਰੀਆਂ ਹੋਈਆਂ: ਮਾਮਲੇ ਵਿੱਚ ਸੰਗਰੂਰ ਪੁਲਿਸ ਨੇ ਮਾਮਲਾ ਦਰਜ ਕਰਨ ਤੋਂ ਬਾਅਦ ਹੁਣ ਤੱਕ 4 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੇ ਨਾਲ ਹੀ ਮੁੱਖ ਮੁਲਜ਼ਮ ਗੁਰਲਾਲ ਸਿੰਘ ਅਤੇ ਉਸ ਦੇ ਤਿੰਨ ਸਾਥੀ ਪਹਿਲਾਂ ਹੀ ਸੰਗਰੂਰ ਪੁਲਿਸ ਦੀ ਹਿਰਾਸਤ ਵਿੱਚ ਹਨ। ਸੰਗਰੂਰ ਦੇ ਐਸਐਸਪੀ ਸਰਤਾਜ ਸਿੰਘ ਚਾਹਲ ਦਾ ਕਹਿਣਾ ਹੈ ਕਿ ਇੱਕ ਔਰਤ ਸਮੇਤ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਦੀ ਪਛਾਣ ਪ੍ਰਦੀਪ ਸਿੰਘ ਉਰਫ਼ ਬੱਬੀ ਵਾਸੀ ਜਖੇਪਲ, ਸੋਮਾ, ਸੰਝੂ ਅਤੇ ਅਰਸ਼ਦੀਪ ਸਿੰਘ ਉਰਫ਼ ਅਰਸ਼ ਵਾਸੀ ਪਿੰਡ ਰੋਗਲਾ ਵਜੋਂ ਹੋਈ ਹੈ।
ਇਸ ਪੂਰੇ ਮਾਮਲੇ ਦੇ ਪਿੱਛੇ ਗਠਜੋੜ ਦਾ ਪਰਦਾਫਾਸ਼ ਕਰਨ ਲਈ ਪੇਸ਼ੇਵਰ ਅਤੇ ਵਿਗਿਆਨਕ ਤਰੀਕੇ ਨਾਲ ਪਿਛੜੇ ਅਤੇ ਅਗਾਂਹਵਧੂ ਸਬੰਧਾਂ ਨੂੰ ਬੇਨਕਾਬ ਕਰਨ ਦੀ ਨਿਗਰਾਨੀ ਕਰਨ ਲਈ ਇੱਕ ਉੱਚ-ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਏਡੀਜੀਪੀ ਲਾਅ ਐਂਡ ਆਰਡਰ ਗੁਰਿੰਦਰ ਢਿੱਲੋਂ ਆਈਪੀਐਸ ਦੀ ਅਗਵਾਈ ਵਿੱਚ ਚਾਰ ਮੈਂਬਰੀ ਐਸਆਈਟੀ, ਜਿਸ ਵਿੱਚ ਡੀਆਈਜੀ ਪਟਿਆਲਾ ਰੇਂਜ ਹਰਚਰਨ ਭੁੱਲਰ ਆਈਪੀਐਸ, ਐਸਐਸਪੀ ਸੰਗਰੂਰ ਸਰਤਾਜ ਚਾਹਲ ਆਈਪੀਐਸ ਅਤੇ ਵਧੀਕ ਕਮਿਸ਼ਨਰ (ਆਬਕਾਰੀ) ਨਰੇਸ਼ ਦੂਬੇ ਸ਼ਾਮਲ ਹਨ, ਜਾਂਚ ਦੀ ਨਿਗਰਾਨੀ ਕਰਨਗੇ। SIT ਸਾਜ਼ਿਸ਼ ਦੀ ਤਹਿ ਤੱਕ ਜਾਵੇਗੀ। ਇਸ ਵਿੱਚ ਸ਼ਾਮਲ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਸਾਰਿਆਂ ਨੂੰ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕੀਤੀ। ਅਣ-ਪ੍ਰਮਾਣਿਤ ਅਫਵਾਹਾਂ ਦਾ ਸ਼ਿਕਾਰ ਨਾ ਹੋਵੋ।..ਪੰਜਾਬ ਪੁਲਿਸ
ਪਹਿਲਾਂ ਵੀ ਹੋਈਆਂ ਮੌਤਾਂ:ਇਸ ਤੋਂ ਪਹਿਲਾਂ ਵੀ ਕਈ ਵਾਰ ਪੰਜਾਬ 'ਚ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਹੋਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਸ 'ਚ ਸਭ ਤੋਂ ਵੱਡਾ ਮਾਮਲਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੌਰਾਨ ਤਰਨਤਾਰਨ ਦਾ ਰਿਹਾ ਸੀ, ਜਿਥੇ ਕਿ ਜ਼ਹਿਰੀਲੀ ਸ਼ਰਾਬ ਪੀਣ ਕਾਰਨ 100 ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ। ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ 'ਚ ਭੂਚਾਲ ਆ ਗਿਆ ਸੀ ਤੇ ਬੇਸ਼ੱਕ ਉਸ ਸਮੇਂ ਦੀ ਸਰਕਾਰ ਨੇ ਕਾਰਵਾਈ ਦੀ ਗੱਲ ਆਖੀ ਸੀ ਪਰ ਕੈਪਟਨ ਦੇ ਸਿਆਸੀ ਵਿਰੋਧੀ ਸਰਕਾਰ ਦੀ ਕਾਰਵਾਈ ਨੂੰ ਗੋਗਲੂਆਂ ਤੋਂ ਮਿੱਟੀ ਝਾੜਨ ਬਰਾਬਰ ਦੱਸਦੇ ਰਹੇ। ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਤਰਸਿੱਕਾ ਥਾਣਾ ਅਧੀਨ ਪੈਂਦੇ ਪਿੰਡ ਮੁੱਛਲ ਵਿੱਚ ਵੀ ਕੁਝ ਸਾਲ ਪਹਿਲਾਂ ਜ਼ਹਿਰੀਲੀ ਸ਼ਰਾਬ ਪੀਣ ਨਾਲ 11 ਲੋਕਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ 'ਚ ਪੁਲਿਸ ਵਲੋਂ ਇਕ ਮਹਿਲਾ ਨੂੰ ਇਸ ਮਾਮਲੇ 'ਚ ਗ੍ਰਿਫ਼ਤਾਰ ਵੀ ਕੀਤਾ ਸੀ।