ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਅਤੇ ਸਟਾਰ ਵਿਕਟਕੀਪਰ ਰਿਸ਼ਭ ਪੰਤ ਅਤੇ ਹੋਰ ਕ੍ਰਿਕਟਰਾਂ ਨੇ ਆਪਣੇ ਦੋਸਤ ਅਤੇ ਭਾਰਤੀ ਕ੍ਰਿਕਟ ਟੀਮ ਦੇ ਸਟਾਰ ਵਿਕਟਕੀਪਰ ਬੱਲੇਬਾਜ਼ ਰਿਧੀਮਾਨ ਸਾਹਾ ਦੇ ਕ੍ਰਿਕਟ ਤੋਂ ਸੰਨਿਆਸ ਨੂੰ ਲੈ ਕੇ ਵੱਡੀ ਗੱਲ ਕਹੀ ਹੈ। ਅੱਜ ਰਿਧੀਮਾਨ ਸਾਹਾ ਨੇ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ। ਉਨ੍ਹਾਂ ਨੇ ਰਣਜੀ ਟਰਾਫੀ 'ਚ ਆਪਣਾ ਆਖਰੀ ਮੈਚ ਖੇਡਣ ਤੋਂ ਬਾਅਦ ਅਲਵਿਦਾ ਕਹਿ ਦਿੱਤੀ ਹੈ।
ਕ੍ਰਿਕਟ ਤੋਂ ਸੰਨਿਆਸ
ਰਿਧੀਮਾਨ ਸਾਹਾ ਨੇ 2010 ਤੋਂ 2021 ਤੱਕ ਭਾਰਤ ਲਈ ਅੰਤਰਰਾਸ਼ਟਰੀ ਕ੍ਰਿਕਟ ਖੇਡੀ ਸੀ। ਉਹ ਪਹਿਲਾਂ ਹੀ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਹਨ। ਹੁਣ ਉਹ ਘਰੇਲੂ ਕ੍ਰਿਕਟ ਤੋਂ ਵੀ ਸੰਨਿਆਸ ਲੈ ਚੁੱਕੇ ਹਨ। ਸਾਹਾ ਹੁਣ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 'ਚ ਖੇਡਦੇ ਨਜ਼ਰ ਨਹੀਂ ਆਉਣਗੇ। ਉਨ੍ਹਾਂ ਨੇ ਈਡਨ ਗਾਰਡਨ, ਕੋਲਕਾਤਾ ਵਿਖੇ ਖੇਡੇ ਗਏ ਬੰਗਾਲ ਅਤੇ ਪੰਜਾਬ ਵਿਚਕਾਰ ਰਣਜੀ ਟਰਾਫੀ ਗਰੁੱਪ ਮੈਚ ਵਿੱਚ ਕ੍ਰਿਕਟ ਤੋਂ ਸੰਨਿਆਸ ਲੈ ਲਿਆ। ਸਾਹਾ ਆਪਣੇ ਪਿਛਲੇ ਮੈਚ ਵਿੱਚ ਖਾਤਾ ਵੀ ਨਹੀਂ ਖੋਲ੍ਹ ਸਕੇ ਸਨ। ਪਰ ਬੰਗਾਲ ਨੇ ਪੰਜਾਬ ਨੂੰ 13 ਦੌੜਾਂ ਅਤੇ ਪਾਰੀ ਨਾਲ ਹਰਾਇਆ। ਹੁਣ ਉਹ ਕ੍ਰਿਕਟ ਤੋਂ ਬ੍ਰੇਕ ਲੈ ਕੇ ਆਪਣੇ ਪਰਿਵਾਰ ਨਾਲ ਕੁਝ ਸਮਾਂ ਬਿਤਾਉਣਾ ਚਾਹੁੰਦੇ ਹਨ। ਕੋਲਕਾਤਾ ਤੋਂ ਉਨ੍ਹਾਂ ਨੂੰ ਕੋਚਿੰਗ ਦਾ ਆਫਰ ਵੀ ਮਿਲਿਆ, ਜਿਸ ਨੂੰ ਉਨ੍ਹਾਂ ਨੇ ਸਵੀਕਾਰ ਨਹੀਂ ਕੀਤਾ।
ਸ਼ਮੀ ਅਤੇ ਪੰਤ ਨੇ ਐਕਸ 'ਤੇ ਪੋਸਟ ਕਰਦੇ ਹੋਏ ਸਾਹਾ ਨੂੰ ਵਧਾਈ ਦਿੱਤੀ ਅਤੇ ਲਿਖਿਆ, "ਅੱਜ ਅਸੀਂ ਭਾਰਤੀ ਕ੍ਰਿਕਟ ਦੇ ਸੱਚੇ ਦਿੱਗਜ ਰਿਧੀਮਾਨ ਸਾਹਾ ਨੂੰ ਅਲਵਿਦਾ ਕਹਿ ਰਹੇ ਹਾਂ। ਉਨ੍ਹਾਂ ਦੀ ਸ਼ਾਨਦਾਰ ਵਿਕਟ ਕੀਪਿੰਗ ਅਤੇ ਮੈਦਾਨ ਦੇ ਅੰਦਰ ਅਤੇ ਬਾਹਰ ਅਣਗਿਣਤ ਯਾਦਗਾਰੀ ਪਲਾਂ ਨੇ ਇੱਕ ਸਥਾਈ ਛਾਪ ਛੱਡੀ ਹੈ। ਰਣਜੀ ਟਰਾਫੀ ਤੋਂ ਲੈ ਕੇ ਰਾਸ਼ਟਰੀ ਟੀਮ ਤੱਕ, ਉਨ੍ਹਾਂ ਦੇ ਸਮਰਪਣ ਅਤੇ ਜਨੂੰਨ ਨੇ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕੀਤਾ ਹੈ। ਰਿਧੀਮਾਨ, ਤੁਹਾਡੇ ਅਗਲੇ ਅਧਿਆਇ ਲਈ ਤੁਹਾਨੂੰ ਸ਼ੁੱਭਕਾਮਨਾਵਾਂ। ਤੁਹਾਡੀ ਵਿਰਾਸਤ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ।"
ਰਿਸ਼ਭ ਪੰਤ ਨੇ ਲਿਖਿਆ, "ਸਾਥੀ ਕੀਪਰ ਦੇ ਤੌਰ 'ਤੇ ਮੈਂ ਹਮੇਸ਼ਾ ਤੁਹਾਡੇ ਹੁਨਰ ਅਤੇ ਤੁਹਾਡੀ ਕਲਾ ਦੀ ਪ੍ਰਸ਼ੰਸਾ ਕੀਤੀ ਹੈ। ਤੁਹਾਡੇ ਅਗਲੇ ਅਧਿਆਇ ਵਿੱਚ ਤੁਹਾਡੀ ਸਫਲਤਾ ਅਤੇ ਖੁਸ਼ੀ ਦੀ ਕਾਮਨਾ ਕਰਦਾ ਹਾਂ"।
ਰਿਧੀਮਾਨ ਸਾਹਾ ਦਾ ਕ੍ਰਿਕਟ ਕਰੀਅਰ
ਰਿਧੀਮਾਨ ਸਾਹਾ ਨੇ ਭਾਰਤ ਲਈ 40 ਟੈਸਟ ਮੈਚ ਖੇਡੇ ਹਨ, ਜਿਸ 'ਚ ਉਨ੍ਹਾਂ ਨੇ 3 ਸੈਂਕੜੇ ਅਤੇ 6 ਅਰਧ ਸੈਂਕੜਿਆਂ ਦੀ ਮਦਦ ਨਾਲ 1353 ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇ ਨਾਂ 92 ਕੈਚ, 12 ਸਟੰਪਿੰਗ ਅਤੇ 1 ਰਨ ਆਊਟ ਸ਼ਾਮਲ ਹੈ। ਸਾਹਾ ਨੇ 9 ਵਨਡੇ ਮੈਚਾਂ 'ਚ 41 ਦੌੜਾਂ ਬਣਾਈਆਂ ਹਨ, ਜਦਕਿ 17 ਕੈਚ, 1 ਸਟੰਪਿੰਗ ਅਤੇ 1 ਰਨ ਆਊਟ ਕੀਤਾ ਹੈ। ਸਾਹਾ ਨੇ ਆਪਣੇ ਪਹਿਲੇ ਦਰਜੇ ਦੇ ਕਰੀਅਰ 'ਚ 141 ਮੈਚ ਖੇਡੇ ਹਨ, ਜਿਸ ਦੌਰਾਨ ਉਨ੍ਹਾਂ ਨੇ 14 ਸੈਂਕੜਿਆਂ ਦੀ ਮਦਦ ਨਾਲ 1769 ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ 170 ਆਈਪੀਐਲ ਮੈਚਾਂ ਵਿੱਚ 1 ਸੈਂਕੜੇ ਅਤੇ 3 ਅਰਧ ਸੈਂਕੜੇ ਦੀ ਮਦਦ ਨਾਲ 2934 ਦੌੜਾਂ ਬਣਾਈਆਂ ਹਨ। ਉਨ੍ਹਾਂ ਦੇ ਨਾਂ 93 ਕੈਚ, 26 ਸਟੰਪਿੰਗ ਅਤੇ 6 ਰਨ ਆਊਟ ਹਨ।