ਨਵੀਂ ਦਿੱਲੀ:ਇਸ ਸਾਲ ਟੀ-20 ਵਿਸ਼ਵ ਕੱਪ 'ਚ ਕਈ ਰੋਮਾਂਚਕ ਉਲਟਫੇਰ ਦੇਖਣ ਨੂੰ ਮਿਲ ਰਹੇ ਹਨ। ਸ਼ੁੱਕਰਵਾਰ ਨੂੰ ਖੇਡੇ ਗਏ 13ਵੇਂ ਮੈਚ 'ਚ ਕੈਨੇਡਾ ਨੇ ਆਇਰਲੈਂਡ ਨੂੰ ਹਰਾ ਕੇ ਵਿਸ਼ਵ ਕੱਪ 'ਚ ਆਪਣੀ ਪਹਿਲੀ ਜਿੱਤ ਦਰਜ ਕੀਤੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਕੈਨੇਡਾ ਨੇ 20 ਓਵਰਾਂ ਵਿੱਚ 137 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿੱਚ ਆਇਰਲੈਂਡ ਦੀ ਟੀਮ ਸਿਰਫ਼ 125 ਦੌੜਾਂ ਹੀ ਬਣਾ ਸਕੀ ਅਤੇ ਕੈਨੇਡਾ ਨੇ ਇਹ ਮੈਚ 7 ਦੌੜਾਂ ਨਾਲ ਜਿੱਤ ਲਿਆ।
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਏ ਕੈਨੇਡਾ ਲਈ ਨਿਕੋਲਸ ਕੀਰਤਨ ਨੇ ਸਭ ਤੋਂ ਵੱਧ 49 ਦੌੜਾਂ ਬਣਾਈਆਂ। ਹਾਲਾਂਕਿ ਉਹ ਅਰਧ ਸੈਂਕੜਾ ਬਣਾਉਣ ਤੋਂ ਖੁੰਝ ਗਿਆ। ਉਸ ਨੇ 35 ਗੇਂਦਾਂ 'ਚ 2 ਛੱਕੇ ਅਤੇ 3 ਚੌਕੇ ਲਗਾਏ। ਇਸ ਪ੍ਰਦਰਸ਼ਨ ਦੇ ਕਾਰਨ ਉਸ ਨੂੰ ਪਲੇਅਰ ਆਫ ਦ ਮੈਚ ਦਾ ਪੁਰਸਕਾਰ ਦਿੱਤਾ ਗਿਆ। ਇਸ ਤੋਂ ਇਲਾਵਾ ਸ਼੍ਰੇਅਸ ਮੋਵਵਾ ਨੇ 36 ਗੇਂਦਾਂ 'ਚ 37 ਦੌੜਾਂ ਬਣਾਈਆਂ। ਇਨ੍ਹਾਂ ਦੋ ਬੱਲੇਬਾਜ਼ਾਂ ਤੋਂ ਇਲਾਵਾ ਕੋਈ ਵੀ 20 ਦੌੜਾਂ ਤੋਂ ਉਪਰ ਦਾ ਸਕੋਰ ਨਹੀਂ ਪਾਰ ਕਰ ਸਕਿਆ। ਆਇਰਲੈਂਡ ਦੀ ਗੇਂਦਬਾਜ਼ੀ ਯੂਨਿਟ ਨੇ ਵਧੀਆ ਪ੍ਰਦਰਸ਼ਨ ਕੀਤਾ ਅਤੇ ਕਰੈਗ ਯੰਗ ਅਤੇ ਬੈਰੀ ਮੈਕਕਾਰਥੀ ਨੇ 2-2 ਵਿਕਟਾਂ ਲਈਆਂ।