ਨਵੀਂ ਦਿੱਲੀ: ਆਸਟ੍ਰੇਲੀਆ ਖਿਲਾਫ ਹਾਲ ਹੀ 'ਚ ਖਤਮ ਹੋਈ ਬਾਰਡਰ-ਗਾਵਸਕਰ ਸੀਰੀਜ਼ 'ਚ 19 ਸਾਲਾ ਆਸਟ੍ਰੇਲੀਆਈ ਬੱਲੇਬਾਜ਼ ਸੈਮ ਕੌਂਸਟਾਸ ਅਤੇ ਸਟਾਰ ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਵਿਚਾਲੇ ਮੈਦਾਨ 'ਤੇ ਹੋਈ ਲੜਾਈ ਨੇ ਕਾਫੀ ਸੁਰਖੀਆਂ ਬਟੋਰੀਆਂ। ਸੀਰੀਜ਼ ਖਤਮ ਹੋਣ ਤੋਂ ਬਾਅਦ ਹੁਣ ਇਸ ਨੌਜਵਾਨ ਬੱਲੇਬਾਜ਼ ਸੈਮ ਕੌਂਸਟਾਸ ਨੇ ਮੈਲਬੌਰਨ ਕ੍ਰਿਕਟ ਗਰਾਊਂਡ (MCG) 'ਤੇ ਚੌਥੇ ਟੈਸਟ ਦੌਰਾਨ ਹੋਈ ਤਕਰਾਰ ਤੋਂ ਬਾਅਦ ਵਿਰਾਟ ਕੋਹਲੀ ਨਾਲ ਆਪਣੀ ਗੱਲਬਾਤ ਦਾ ਖੁਲਾਸਾ ਕੀਤਾ ਹੈ।
ਵਿਰਾਟ ਨੇ ਕੌਂਸਟਾਸ ਨੂੰ ਮਾਰਿਆ ਮੋਢਾ
ਦੱਸ ਦਈਏ ਕਿ 26 ਦਸੰਬਰ ਨੂੰ ਬਾਕਸਿੰਗ ਡੇ ਟੈਸਟ ਦੇ ਪਹਿਲੇ ਦਿਨ ਕੌਂਸਟਾਸ ਦੀ ਵਿਰਾਟ ਨਾਲ ਬਹਿਸ ਹੋਈ ਸੀ, ਜਦੋਂ ਵਿਰਾਟ ਨੇ ਉਨ੍ਹਾਂ ਦੇ ਮੋਢੇ ਨਾਲ ਮੋਢਾ ਮਾਰ ਦਿੱਤਾ ਸੀ। ਇਸ ਘਟਨਾ ਤੋਂ ਬਾਅਦ ਦੋਵਾਂ ਟੀਮਾਂ ਦੇ ਪ੍ਰਸ਼ੰਸਕਾਂ ਦਾ ਤਾਪਮਾਨ ਵੱਧ ਗਿਆ ਸੀ। ਇਸ ਘਟਨਾ ਦੇ 15 ਦਿਨ ਬਾਅਦ ਹੀ ਆਸਟ੍ਰੇਲੀਆ ਦੇ ਇਸ ਨੌਜਵਾਨ ਬੱਲੇਬਾਜ਼ ਨੇ ਵਿਰਾਟ ਕੋਹਲੀ ਦੀ ਖੂਬ ਤਾਰੀਫ ਕੀਤੀ ਅਤੇ ਕਿਹਾ ਕਿ ਉਹ ਮੇਰੇ ਆਦਰਸ਼ ਹਨ। ਮੇਰਾ ਪੂਰਾ ਪਰਿਵਾਰ ਵਿਰਾਟ ਕੋਹਲੀ ਨੂੰ ਪਿਆਰ ਕਰਦਾ ਹੈ ਅਤੇ ਉਨ੍ਹਾਂ ਦੇ ਖਿਲਾਫ ਖੇਡਣਾ ਸਨਮਾਨ ਦੀ ਗੱਲ ਹੈ।
ਮੈਂ ਵਿਰਾਟ ਨੂੰ ਆਪਣਾ ਆਦਰਸ਼ ਮੰਨਦਾ ਹਾਂ: ਕੌਂਸਟਾਸ
ਕੋਡ ਸਪੋਰਟਸ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਸੈਮ ਕੌਂਸਟਾਸ ਨੇ ਖੁਲਾਸਾ ਕੀਤਾ, 'ਮੈਚ ਤੋਂ ਬਾਅਦ ਮੈਂ ਉਨ੍ਹਾਂ ਨਾਲ ਥੋੜੀ ਜਿਹੀ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਕਿਹਾ ਕਿ ਮੈਂ ਉਨ੍ਹਾਂ ਨੂੰ ਆਦਰਸ਼ ਮੰਨਦਾ ਹਾਂ ਅਤੇ ਉਨ੍ਹਾਂ ਦੇ ਖਿਲਾਫ ਖੇਡਣਾ ਨਿਸ਼ਚਤ ਤੌਰ 'ਤੇ ਸਨਮਾਨ ਦੀ ਗੱਲ ਹੈ'।
ਉਨ੍ਹਾਂ ਨੇ ਕਿਹਾ, 'ਜਦੋਂ ਮੈਂ ਵਿਰਾਟ ਕੋਹਲੀ ਨਾਲ ਖੇਡਿਆ ਤਾਂ ਮੈਨੂੰ ਲੱਗਾ 'ਵਾਹ' ਵਿਰਾਟ ਕੋਹਲੀ ਬੱਲੇਬਾਜ਼ੀ ਕਰ ਰਹੇ ਹਨ। ਉਹ ਆਪਣੀ ਮੌਜੂਦਗੀ ਨਾਲ ਸਭ ਨੂੰ ਪ੍ਰਭਾਵਿਤ ਕਰ ਰਹੇ ਸੀ। ਸਾਰੀ ਭੀੜ ਉਨ੍ਹਾਂ ਦੇ ਨਾਮ ਦੇ ਨਾਅਰੇ ਲਗਾ ਰਹੀ ਸੀ, ਉਨ੍ਹਾਂ ਨੂੰ ਦੇਖਣਾ ਇੱਕ ਅਜੀਬ ਅਨੁਭਵ ਸੀ। ਵਿਰਾਟ ਕੋਹਲੀ ਮੇਰੇ ਆਦਰਸ਼ ਅਤੇ ਪ੍ਰੇਰਨਾ ਸਰੋਤ ਹਨ'।