ਬੈਂਗਲੁਰੂ: ਚਿੰਨਾਸਵਾਮੀ ਸਟੇਡੀਅਮ 'ਚ ਸਨਰਾਈਜ਼ਰਸ ਹੈਦਰਾਬਾਦ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਹਾਈ ਸਕੋਰਿੰਗ ਮੈਚ ਦੇਖਣ ਨੂੰ ਮਿਲਿਆ। ਸਨਰਾਈਜ਼ਰਸ ਹੈਦਰਾਬਾਦ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਈਪੀਐਲ ਦਾ ਸਭ ਤੋਂ ਵੱਧ 287 ਦੌੜਾਂ ਬਣਾਈਆਂ। ਹੈਦਰਾਬਾਦ ਵੱਲੋਂ ਦਿੱਤੇ 288 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਆਰਸੀਬੀ ਨੇ ਵੀ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ’ਤੇ 262 ਦੌੜਾਂ ਬਣਾਈਆਂ। ਨਤੀਜੇ ਵਜੋਂ ਹੈਦਰਾਬਾਦ ਨੇ ਇਹ ਹਾਈ ਸਕੋਰਿੰਗ ਮੈਚ 25 ਦੌੜਾਂ ਨਾਲ ਜਿੱਤ ਲਿਆ।
ਪੂਰੇ ਮੈਚ ਵਿੱਚ ਕੁੱਲ 549 ਦੌੜਾਂ ਬਣਾਈਆਂ ਗਈਆਂ, ਜੋ ਕਿ ਇੱਕ ਟੀ-20 ਕ੍ਰਿਕਟ ਮੈਚ ਵਿੱਚ ਬਣਾਈਆਂ ਗਈਆਂ ਸਭ ਤੋਂ ਵੱਧ ਦੌੜਾਂ ਹਨ। ਇਸ ਮੈਚ ਵਿੱਚ ਸਭ ਤੋਂ ਵੱਧ ਚੌਕੇ ਅਤੇ ਸਭ ਤੋਂ ਵੱਧ ਛੱਕੇ ਲਗਾਉਣ ਦਾ ਰਿਕਾਰਡ ਵੀ ਬਣਿਆ। ਆਰਸੀਬੀ ਵੱਲੋਂ ਸਭ ਤੋਂ ਵੱਧ ਸਕੋਰਰ ਦਿਨੇਸ਼ ਕਾਰਤਿਕ ਰਹੇ, ਜਿਨ੍ਹਾਂ ਨੇ 35 ਗੇਂਦਾਂ ਵਿੱਚ 83 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਅਤੇ ਆਰਸੀਬੀ ਨੂੰ ਟੀਚੇ ਦੇ ਬਹੁਤ ਨੇੜੇ ਲੈ ਗਿਆ। ਕਪਤਾਨ ਫਾਫ ਡੂ ਪਲੇਸਿਸ ਨੇ 28 ਗੇਂਦਾਂ ਵਿੱਚ 62 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ 20 ਗੇਂਦਾਂ 'ਚ 42 ਦੌੜਾਂ ਦੀ ਪਾਰੀ ਖੇਡੀ। ਜਦਕਿ ਸਨਰਾਈਜ਼ਰਜ਼ ਹੈਦਰਾਬਾਦ ਲਈ ਕਪਤਾਨ ਪੈਟ ਕਮਿੰਸ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ।
ਸਨਰਾਈਜ਼ਰਸ ਹੈਦਰਾਬਾਦ ਦੇ ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਟ੍ਰੈਵਿਸ ਹੈੱਡ ਨੇ 41 ਗੇਂਦਾਂ 'ਚ 9 ਚੌਕਿਆਂ ਅਤੇ 8 ਛੱਕਿਆਂ ਦੀ ਮਦਦ ਨਾਲ 102 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। 39 ਗੇਂਦਾਂ 'ਚ ਸੈਂਕੜਾ ਲਗਾ ਕੇ ਉਸ ਨੇ ਆਈਪੀਐਲ ਇਤਿਹਾਸ ਦਾ ਚੌਥਾ ਸਭ ਤੋਂ ਤੇਜ਼ ਸੈਂਕੜਾ ਬਣਾਇਆ। ਇਸ ਸ਼ਾਨਦਾਰ ਪਾਰੀ ਲਈ ਹੈੱਡ ਨੂੰ ਪਲੇਅਰ ਆਫ ਦਾ ਮੈਚ ਦਾ ਐਵਾਰਡ ਦਿੱਤਾ ਗਿਆ।