ਕੁਆਲਾਲੰਪੁਰ (ਮਲੇਸ਼ੀਆ) :ਭਾਰਤ ਦੀ ਸਟਾਰ ਸ਼ਟਲਰ ਅਤੇ ਦੋ ਵਾਰ ਦੀ ਓਲੰਪਿਕ ਚੈਂਪੀਅਨ ਪੀਵੀ ਸਿੰਧੂ ਨੂੰ ਐਤਵਾਰ ਨੂੰ ਕੁਆਲਾਲੰਪੁਰ ਵਿੱਚ ਖੇਡੇ ਗਏ ਮਲੇਸ਼ੀਆ ਮਾਸਟਰਜ਼ ਦੇ ਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਸਿੰਧੂ ਇੱਕ ਸਾਲ ਤੋਂ ਵੱਧ ਸਮੇਂ ਬਾਅਦ BWF ਵਰਲਡ ਟੂਰ 'ਤੇ ਫਾਈਨਲ ਖੇਡ ਰਹੀ ਸੀ। ਪਰ, ਉਹ ਰੋਮਾਂਚਕ ਮਹਿਲਾ ਸਿੰਗਲਜ਼ ਫਾਈਨਲ ਵਿੱਚ ਚੀਨੀ ਵਿਰੋਧੀ ਵੈਂਗ ਜ਼ੀ ਯੀ ਤੋਂ 21-16, 5-21, 16-21 ਨਾਲ ਹਾਰ ਗਈ।
ਪੀਵੀ ਸਿੰਧੂ ਨੇ ਫਾਈਨਲ ਦੀ ਸ਼ੁਰੂਆਤ ਧਮਾਕੇ ਨਾਲ ਕੀਤੀ ਅਤੇ ਹਮਲਾਵਰ ਖੇਡ ਰਾਹੀਂ ਪਹਿਲਾ ਸੈੱਟ 21-16 ਨਾਲ ਜਿੱਤਿਆ। ਸਿੰਧੂ ਇਸ ਸੈੱਟ 'ਚ ਆਪਣੇ ਪੁਰਾਣੇ ਜਾਣੇ-ਪਛਾਣੇ ਅੰਦਾਜ਼ 'ਚ ਨਜ਼ਰ ਆਈ। ਪਰ ਦੂਜੇ ਸੈੱਟ ਵਿੱਚ ਚੀਨੀ ਖਿਡਾਰਨ ਨੇ ਖੇਡ ਵਿੱਚ ਵਾਪਸੀ ਕੀਤੀ ਅਤੇ ਸਿੰਧੂ ਨੂੰ ਅੰਕ ਹਾਸਲ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ। ਜ਼ੀ ਯੀ ਨੇ ਦੂਜਾ ਸੈੱਟ 5-21 ਦੇ ਵੱਡੇ ਫਰਕ ਨਾਲ ਜਿੱਤਿਆ।
ਆਖਰੀ ਅਤੇ ਫੈਸਲਾਕੁੰਨ ਸੈੱਟ 'ਚ ਦੋਵਾਂ ਖਿਡਾਰੀਆਂ ਵਿਚਾਲੇ ਸਖਤ ਮੁਕਾਬਲਾ ਦੇਖਣ ਨੂੰ ਮਿਲਿਆ। ਪਰ ਚੀਨੀ ਖਿਡਾਰਨ ਨੇ ਸਿੰਧੂ ਨੂੰ ਵਾਪਸੀ ਦਾ ਕੋਈ ਮੌਕਾ ਨਹੀਂ ਦਿੱਤਾ। ਚੀਨ ਦੀ ਵਾਂਗ ਜ਼ੀ ਯੀ ਨੇ ਤੀਜੇ ਸੈੱਟ ਵਿੱਚ ਸਿੰਧੂ ਨੂੰ 16-21 ਨਾਲ ਹਰਾ ਕੇ ਮਲੇਸ਼ੀਆ ਮਾਸਟਰਜ਼ ਮਹਿਲਾ ਸਿੰਗਲਜ਼ ਖ਼ਿਤਾਬ ’ਤੇ ਕਬਜ਼ਾ ਕੀਤਾ।
ਤੁਹਾਨੂੰ ਦੱਸ ਦੇਈਏ ਕਿ ਮਲੇਸ਼ੀਆ ਮਾਸਟਰਸ ਦਾ ਆਯੋਜਨ ਕੁਆਲਾਲੰਪੁਰ ਵਿੱਚ ਕੀਤਾ ਜਾ ਰਿਹਾ ਹੈ। ਇਹ ਬੈਡਮਿੰਟਨ ਵਰਲਡ ਫੈਡਰੇਸ਼ਨ (BWF) ਵਰਲਡ ਟੂਰ ਸੁਪਰ 500 ਪੱਧਰ ਦਾ ਟੂਰਨਾਮੈਂਟ ਹੈ। ਪੀਵੀ ਸਿੰਧੂ ਨੇ 2013 ਅਤੇ 2016 'ਚ ਦੋ ਵਾਰ ਇਸ ਖਿਤਾਬ 'ਤੇ ਕਬਜ਼ਾ ਕੀਤਾ ਸੀ।
ਦੂਜੇ ਪ੍ਰੀ-ਕੁਆਰਟਰ ਫਾਈਨਲ ਮੈਚ ਵਿੱਚ ਤ੍ਰਿਸਾ ਜੌਲੀ ਅਤੇ ਗਾਇਤਰੀ ਗੋਪੀਚੰਦ ਦੀ ਭਾਰਤੀ ਮਹਿਲਾ ਡਬਲਜ਼ ਜੋੜੀ ਵੀ ਚੀਨੀ ਤਾਈਪੇ ਦੀ ਯੂ ਚਿਏਨ ਹੂਈ ਅਤੇ ਸੁੰਗ ਸ਼ੂਓ ਯੂਨ ਤੋਂ 18-21, 22-20, 14-21 ਨਾਲ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈ .