ਨਵੀਂ ਦਿੱਲੀ:ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਅ ਨੂੰ ਆਪਣੇ ਕਰੀਅਰ 'ਚ ਇਕ ਹੋਰ ਵੱਡਾ ਝਟਕਾ ਲੱਗਾ ਹੈ। ਮੁੰਬਈ ਨੇ ਇਸ ਸੱਜੇ ਹੱਥ ਦੇ ਬੱਲੇਬਾਜ਼ ਨੂੰ ਆਪਣੀ ਰਣਜੀ ਟਰਾਫੀ ਟੀਮ ਤੋਂ ਬਾਹਰ ਕਰ ਦਿੱਤਾ ਹੈ। ਸ਼ਾਅ ਨੂੰ ਇਕ ਵਾਰ ਫਿਰ ਮੋਟਾਪੇ ਦੀ ਸਜ਼ਾ ਦਿੱਤੀ ਗਈ ਹੈ ਅਤੇ ਫਿਟਨੈੱਸ 'ਤੇ ਧਿਆਨ ਦੇਣ ਲਈ ਕਿਹਾ ਗਿਆ ਹੈ।
ਪ੍ਰਿਥਵੀ ਸ਼ਾਅ ਮੋਟਾਪੇ ਕਾਰਨ ਟੀਮ ਤੋਂ ਬਾਹਰ
ਟੀਮ ਪ੍ਰਬੰਧਨ ਨੇ ਪ੍ਰਿਥਵੀ ਸ਼ਾਅ ਨੂੰ ਟੀਮ ਤੋਂ ਬਾਹਰ ਕਰਨ ਦੇ ਫੈਸਲੇ ਪਿੱਛੇ ਸਹੀ ਕਾਰਨ ਨਹੀਂ ਦੱਸਿਆ ਹੈ। ਪਰ ਇੰਡੀਅਨ ਐਕਸਪ੍ਰੈਸ ਦੁਆਰਾ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਅਨੁਸਾਰ, 'ਚੋਣਕਰਤਾ ਫਿਟਨੈਸ ਅਤੇ ਅਨੁਸ਼ਾਸਨ ਪ੍ਰਤੀ ਉਨ੍ਹਾਂ ਦੇ ਰਵੱਈਏ ਤੋਂ ਖੁਸ਼ ਨਹੀਂ ਹਨ।'
ਸ਼ਾਅ ਨੂੰ ਸਖ਼ਤ ਸਿਖਲਾਈ ਦੀ ਲੋੜ
ਸੰਜੇ ਪਾਟਿਲ (ਪ੍ਰਧਾਨ), ਰਵੀ ਠਾਕਰ, ਜਤਿੰਦਰ ਠਾਕਰੇ, ਕਿਰਨ ਪੋਵਾਰ ਅਤੇ ਵਿਕਰਾਂਤ ਯੇਲੀਗੇਟੀ ਦੀ ਮੁੰਬਈ ਕ੍ਰਿਕਟ ਐਸੋਸੀਏਸ਼ਨ (ਐਮਸੀਏ) ਦੀ ਚੋਣ ਕਮੇਟੀ ਨੇ ਆਗਾਮੀ ਮੈਚ ਲਈ ਸੱਜੇ ਹੱਥ ਦੇ ਬੱਲੇਬਾਜ਼ ਨੂੰ ਟੀਮ ਤੋਂ ਬਾਹਰ ਕਰਨ ਦਾ ਫੈਸਲਾ ਕੀਤਾ ਹੈ। ਮੁੰਬਈ ਨੇ 26 ਤੋਂ 29 ਅਕਤੂਬਰ ਤੱਕ ਤ੍ਰਿਪੁਰਾ ਖਿਲਾਫ ਆਪਣਾ ਅਗਲਾ ਮੈਚ ਖੇਡਣ ਲਈ ਅਗਰਤਲਾ ਜਾਣਾ ਹੈ। ਰਿਪੋਰਟ ਵਿਚ ਅੱਗੇ ਕਿਹਾ ਗਿਆ ਹੈ ਕਿ, 'ਟੀਮ ਪ੍ਰਬੰਧਨ ਨੇ ਐਮਸੀਏ ਨੂੰ ਸੂਚਿਤ ਕੀਤਾ ਹੈ ਕਿ 24 ਸਾਲਾ ਖਿਡਾਰੀ ਦੇ ਸਰੀਰ ਵਿਚ 35 ਪ੍ਰਤੀਸ਼ਤ ਚਰਬੀ ਹੈ ਅਤੇ ਉਸ ਨੂੰ ਸਖ਼ਤ ਸਿਖਲਾਈ ਦੀ ਜ਼ਰੂਰਤ ਹੈ'।
ਮੌਜੂਦਾ ਰਣਜੀ ਟਰਾਫੀ ਵਿੱਚ ਸ਼ਾਅ ਦਾ ਪ੍ਰਦਰਸ਼ਨ
ਰਣਜੀ ਟਰਾਫੀ 2024 ਦੇ 2 ਮੈਚਾਂ ਦੀਆਂ 4 ਪਾਰੀਆਂ ਵਿੱਚ, ਸਲਾਮੀ ਬੱਲੇਬਾਜ਼ ਨੇ ਹੁਣ ਤੱਕ 7,12,1 ਅਤੇ ਨਾਬਾਦ 39 ਦੌੜਾਂ ਬਣਾਈਆਂ ਹਨ। ਸ਼ਾਅ ਨੇ 2018 ਵਿੱਚ ਵੈਸਟਇੰਡੀਜ਼ ਦੇ ਖਿਲਾਫ ਭਾਰਤ ਲਈ ਆਪਣੀ ਸ਼ੁਰੂਆਤ ਕੀਤੀ ਸੀ, ਪਰ ਮੈਦਾਨ ਤੋਂ ਬਾਹਰ ਦੀਆਂ ਸਮੱਸਿਆਵਾਂ ਕਾਰਨ ਉਨ੍ਹਾਂ ਦਾ ਕਰੀਅਰ ਹੇਠਾਂ ਵੱਲ ਚਲਾ ਗਿਆ। ਭਾਰਤੀ ਟੀਮ ਲਈ ਸ਼ਾਅ ਨੇ 6 ਵਨਡੇ ਮੈਚਾਂ 'ਚ 189 ਦੌੜਾਂ ਅਤੇ 9 ਟੈਸਟ ਮੈਚਾਂ 'ਚ 42.37 ਦੀ ਔਸਤ ਨਾਲ 339 ਦੌੜਾਂ ਬਣਾਈਆਂ ਹਨ।
ਰਹਾਣੇ ਨੂੰ ਮੁੰਬਈ ਦੀ ਕਮਾਨ ਸੌਂਪੀ
ਤ੍ਰਿਪੁਰਾ ਦੇ ਖਿਲਾਫ ਹੋਣ ਵਾਲੇ ਮੈਚ 'ਚ ਅਜਿੰਕਯ ਰਹਾਣੇ ਮੁੰਬਈ ਟੀਮ ਦੀ ਕਪਤਾਨੀ ਕਰਨਗੇ, ਜਦਕਿ ਸ਼੍ਰੇਅਸ ਅਈਅਰ ਅਤੇ ਸ਼ਾਰਦੁਲ ਠਾਕੁਰ ਵੀ ਟੀਮ ਦਾ ਹਿੱਸਾ ਹਨ। ਸੂਰਿਆਕੁਮਾਰ ਯਾਦਵ ਨੇ ਐਮਸੀਏ ਨੂੰ ਸੂਚਿਤ ਕੀਤਾ ਹੈ ਕਿ ਉਹ ਨਿੱਜੀ ਕਾਰਨਾਂ ਕਰਕੇ ਤ੍ਰਿਪੁਰਾ ਖ਼ਿਲਾਫ਼ ਮੈਚ ਲਈ ਉਪਲਬਧ ਨਹੀਂ ਹੋਣਗੇ ਅਤੇ ਉਨ੍ਹਾਂ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ ਗਿਆ ਹੈ।