ਨਵੀਂ ਦਿੱਲੀ: ਬਾਰਬਾਡੋਸ 'ਚ ਧਮਾਕੇਦਾਰ ਕ੍ਰਿਕਟ ਖੇਡਦੇ ਹੋਏ ਭਾਰਤੀ ਟੀਮ ਨੇ ਟੀ-20 ਵਿਸ਼ਵ ਕੱਪ 2024 ਦੇ ਫਾਈਨਲ 'ਚ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾ ਕੇ ਦੂਜੀ ਵਾਰ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤ ਲਿਆ ਹੈ। ਰੋਹਿਤ ਸ਼ਰਮਾ ਦੀ ਕਪਤਾਨੀ 'ਚ ਟੀਮ ਇੰਡੀਆ ਨੇ ਬੀਤੇ ਸ਼ਨੀਵਾਰ ਨੂੰ ਰੋਮਾਂਚਕ ਫਾਈਨਲ 'ਚ ਦੱਖਣੀ ਅਫਰੀਕਾ ਨੂੰ ਹਰਾ ਦਿੱਤਾ। ਵਿਰਾਟ ਕੋਹਲੀ ਇਸ ਜਿੱਤ ਦੇ ਹੀਰੋ ਰਹੇ, ਇਸ ਮਹਾਨ ਮੈਚ 'ਚ ਜਦੋਂ ਟੀਮ ਇੰਡੀਆ ਨੇ 34 ਦੌੜਾਂ 'ਤੇ 3 ਵਿਕਟਾਂ ਗੁਆ ਦਿੱਤੀਆਂ ਸਨ ਤਾਂ ਉਨ੍ਹਾਂ ਨੇ ਅਕਸ਼ਰ ਪਟੇਲ ਦੇ ਨਾਲ 72 ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਖੁਦ ਮੁਸ਼ਕਿਲ ਸਮੇਂ 'ਚ 59 ਗੇਂਦਾਂ 'ਤੇ 6 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 76 ਦੌੜਾਂ ਦੀ ਪਾਰੀ ਖੇਡੀ, ਜਿਸ ਲਈ ਕੋਹਲੀ ਪਲੇਅਰ ਆੱਫ ਦਾ ਮੈਚ ਵੀ ਬਣੇ।
ਪੀਐਮ ਮੋਦੀ ਨੇ ਰੋਹਿਤ-ਕੋਹਲੀ ਨਾਲ ਵੀਡੀਓ ਕਾਲ 'ਤੇ ਕੀਤੀ ਗੱਲਬਾਤ: ਭਾਰਤ ਦੀ ਇਸ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੀਮ ਇੰਡੀਆ ਨੂੰ ਟੀ-20 ਵਿਸ਼ਵ ਕੱਪ 2024 ਦਾ ਜੇਤੂ ਬਣਨ ਲਈ ਵਧਾਈ ਦਿੰਦੇ ਹੋਏ ਇੱਕ ਪੋਸਟ ਪਾਈ ਸੀ, ਹੁਣ ਉਨ੍ਹਾਂ ਦੀ ਇੱਕ ਹੋਰ ਪੋਸਟ ਸਾਹਮਣੇ ਆਈ ਹੈ, ਜਿਸ ਵਿੱਚ ਪੀਐਮ ਮੋਦੀ ਟੀਮ ਇੰਡੀਆ ਦੇ ਕੋਚ ਰਾਹੁਲ ਦ੍ਰਾਵਿੜ, ਕਪਤਾਨ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨਾਲ ਵੀਡੀਓ ਕਾਲ 'ਤੇ ਗੱਲ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਇਸ ਮਹਾਨ ਕੋਸ਼ਿਸ਼ ਅਤੇ ਟਰਾਫੀ ਜਿੱਤਣ ਲਈ ਸਾਰਿਆਂ ਨੂੰ ਵਧਾਈ ਦਿੱਤੀ ਹੈ।
ਰੋਹਿਤ ਸ਼ਰਮਾ ਨਾਲ ਪੀ.ਐੱਮ ਨੇ ਕੀਤੀ ਗੱਲ: ਰੋਹਿਤ ਸ਼ਰਮਾ ਨਾਲ ਗੱਲ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ, 'ਤੁਸੀਂ ਦੂਜਿਆਂ ਲਈ ਅਤੇ ਆਉਣ ਵਾਲੀ ਪੀੜ੍ਹੀ ਲਈ ਇਕ ਮਿਸਾਲ ਹੋ। ਤੁਹਾਡੀ ਹਮਲਾਵਰ ਮਾਨਸਿਕਤਾ, ਬੱਲੇਬਾਜ਼ੀ ਅਤੇ ਕਪਤਾਨੀ ਨੇ ਭਾਰਤੀ ਟੀਮ ਨੂੰ ਨਵਾਂ ਆਯਾਮ ਦਿੱਤਾ ਹੈ। ਤੁਹਾਡਾ ਟੀ-20 ਕਰੀਅਰ ਹਮੇਸ਼ਾ ਯਾਦ ਰਹੇਗਾ। ਅੱਜ ਸਵੇਰੇ ਤੁਹਾਡੇ ਨਾਲ ਗੱਲ ਕਰਕੇ ਬਹੁਤ ਖੁਸ਼ੀ ਹੋਈ।'