ਮੁੰਬਈ:ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ.ਸੀ.) ਵਲੋਂ ਮਹਿਲਾ ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਦੇ ਦਿੱਤੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਹੈ। ਆਈਸੀਸੀ ਨੇ ਹੁਣ 20 ਅਗਸਤ ਨੂੰ ਮੇਜ਼ਬਾਨੀ 'ਤੇ ਅੰਤਿਮ ਫੈਸਲਾ ਲੈਣਾ ਹੈ। 3 ਤੋਂ 20 ਅਕਤੂਬਰ ਦੇ ਵਿਚਕਾਰ ਹੋਣ ਵਾਲੇ ਇੰਨ੍ਹਾਂ ਮੁਕਾਬਲਿਆਂ ਦੀ ਮੇਜ਼ਬਾਨੀ ਤੋਂ ਹਟਣ ਤੋਂ ਬਾਅਦ ਸ਼੍ਰੀਲੰਕਾ ਅਤੇ ਯੂਏਈ ਦੂਜੇ ਵਿਕਲਪ ਬਚੇ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਕਿਹਾ, 'ਉਨ੍ਹਾਂ (ਆਈਸੀਸੀ) ਨੇ ਸਾਨੂੰ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਦਾ ਪ੍ਰਸਤਾਵ ਦਿੱਤਾ ਸੀ। ਪਰ ਮੈਂ ਸਾਫ਼ ਤੌਰ 'ਤੇ ਇਨਕਾਰ ਕਰ ਦਿੱਤਾ, ਇੱਥੇ ਬਰਸਾਤ ਦਾ ਮੌਸਮ ਹੈ ਅਤੇ ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਅਸੀਂ ਅਗਲੇ ਸਾਲ ਮਹਿਲਾ ਵਨਡੇ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨੀ ਹੈ। ਮੈਂ ਕਿਸੇ ਨੂੰ ਗਲਤ ਸੰਦੇਸ਼ ਨਹੀਂ ਦੇਣਾ ਚਾਹੁੰਦਾ ਕਿ ਅਸੀਂ ਲਗਾਤਾਰ ਦੋ ਵਿਸ਼ਵ ਕੱਪਾਂ ਦੀ ਮੇਜ਼ਬਾਨੀ ਕਰਨਾ ਚਾਹੁੰਦੇ ਹਾਂ'।
ਬੰਗਲਾਦੇਸ਼ ਇਸ ਸਮੇਂ ਸਰਕਾਰ ਵਿਰੋਧੀ ਅੰਦੋਲਨਾਂ ਕਾਰਨ ਹਿੰਸਾ ਅਤੇ ਸੁਰੱਖਿਆ ਚੁਣੌਤੀਆਂ ਨਾਲ ਜੂਝ ਰਿਹਾ ਹੈ ਅਤੇ ਇਸੇ ਲਈ ਆਈਸੀਸੀ ਬੰਗਲਾਦੇਸ਼ ਦੀ ਜਗ੍ਹਾ ਮੇਜ਼ਬਾਨੀ ਕਰਨ 'ਤੇ ਵਿਚਾਰ ਕਰ ਰਹੀ ਹੈ। ਬੰਗਲਾਦੇਸ਼ ਵਿੱਚ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਉਨ੍ਹਾਂ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।
ਆਈਸੀਸੀ ਦੇ ਇੱਕ ਅਧਿਕਾਰੀ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਕਿਹਾ ਸੀ ਕਿ ਬੰਗਲਾਦੇਸ਼ ਵਿੱਚ ਸਥਿਤੀ 'ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਸਾਰੇ ਵਿਕਲਪ ਖੁੱਲ੍ਹੇ ਰੱਖੇ ਗਏ ਹਨ। ਆਈਸੀਸੀ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ, 'ਅਸੀਂ ਬੰਗਲਾਦੇਸ਼ ਕ੍ਰਿਕਟ ਬੋਰਡ (ਬੀਸੀਬੀ), ਉਨ੍ਹਾਂ ਦੀਆਂ ਸੁਰੱਖਿਆ ਏਜੰਸੀਆਂ ਅਤੇ ਆਪਣੇ ਖੁਦ ਦੇ ਸੁਤੰਤਰ ਸੁਰੱਖਿਆ ਸਲਾਹਕਾਰਾਂ ਨਾਲ ਤਾਲਮੇਲ ਕਰਕੇ ਉੱਥੇ ਹੋਣ ਵਾਲੀਆਂ ਗਤੀਵਿਧੀਆਂ ਦੀ ਨੇੜਿਓਂ ਨਿਗਰਾਨੀ ਕਰ ਰਹੇ ਹਾਂ। ਸਾਡੀ ਤਰਜੀਹ ਸਾਰੇ ਭਾਗੀਦਾਰਾਂ ਦੀ ਸੁਰੱਖਿਆ ਅਤੇ ਤੰਦਰੁਸਤੀ ਹੈ।