ਨਵੀਂ ਦਿੱਲੀ:ਭਾਰਤੀ ਕ੍ਰਿਕਟ ਟੀਮ ਰੋਹਿਤ ਸ਼ਰਮਾ ਦੀ ਕਪਤਾਨੀ 'ਚ 19 ਸਤੰਬਰ ਤੋਂ ਬੰਗਲਾਦੇਸ਼ ਖਿਲਾਫ ਦੋ ਟੈਸਟ ਮੈਚਾਂ ਦੀ ਸੀਰੀਜ਼ ਸ਼ੁਰੂ ਕਰਨ ਜਾ ਰਹੀ ਹੈ, ਜਿਸ ਲਈ ਭਾਰਤੀ ਟੀਮ ਦੇ ਖਿਡਾਰੀ ਚੇਨਈ ਪਹੁੰਚ ਚੁੱਕੇ ਹਨ। ਭਾਰਤੀ ਕ੍ਰਿਕਟਰਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਜਿਸ 'ਚ ਉਹ ਚੇਨਈ ਲਈ ਰਵਾਨਾ ਹੁੰਦੇ ਹੋਏ ਉਥੇ ਪਹੁੰਚਦੇ ਨਜ਼ਰ ਆ ਰਹੇ ਹਨ। ਇਨ੍ਹੀਂ ਦਿਨੀਂ ਵਿਰਾਟ ਕੋਹਲੀ ਆਪਣੇ ਪਰਿਵਾਰ ਨਾਲ ਲੰਡਨ 'ਚ ਰਹਿ ਰਹੇ ਹਨ, ਜਿੱਥੋਂ ਉਹ ਸਿੱਧੇ ਚੇਨਈ ਆ ਗਏ ਹਨ।
ਕਪਤਾਨ ਰੋਹਿਤ ਸਮੇਤ ਇਹ ਖਿਡਾਰੀ ਚੇਨਈ ਪਹੁੰਚੇ
ਇਨ੍ਹਾਂ ਤਸਵੀਰਾਂ 'ਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਤੋਂ ਇਲਾਵਾ ਰਵਿੰਦਰ ਜਡੇਜਾ, ਕੁਲਦੀਪ ਯਾਦਵ, ਯਸ਼ਸਵੀ ਜੈਸਵਾਲ, ਆਕਾਸ਼ ਦੀਪ ਅਤੇ ਜਸਪ੍ਰੀਤ ਬੁਮਰਾਹ ਨਜ਼ਰ ਆ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਭਾਰਤ ਪਹਿਲਾ ਟੈਸਟ ਮੈਚ 19 ਤੋਂ 23 ਸਤੰਬਰ ਤੱਕ ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ਵਿੱਚ ਖੇਡੇਗਾ। ਇਸ ਤੋਂ ਬਾਅਦ ਦੂਜਾ ਟੈਸਟ ਮੈਚ 27 ਸਤੰਬਰ ਤੋਂ 1 ਅਕਤੂਬਰ ਤੱਕ ਖੇਡਿਆ ਜਾਵੇਗਾ।
ਚੇਨਈ ਦੇ ਐੱਮ.ਏ.ਚਿਦੰਬਰਮ 'ਚ ਦੇਖਣ ਨੂੰ ਮਿਲੇਗਾ ਇਨ੍ਹਾਂ ਖਿਡਾਰੀਆਂ ਦਾ ਜਾਦੂ
ਇਸ ਦੌਰਾਨ ਟੀਮ ਦੇ ਤਜਰਬੇਕਾਰ ਅਤੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਵੀ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਹਨ। ਇਸ ਸੀਰੀਜ਼ ਦਾ ਸਭ ਤੋਂ ਵੱਡਾ ਪਲੱਸ ਪੁਆਇੰਟ ਇਹ ਹੈ ਕਿ ਭਾਰਤੀ ਕ੍ਰਿਕਟ ਟੀਮ ਲਈ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਪੰਜ ਦਿਨਾ ਮੈਚਾਂ 'ਚ ਟੀਮ ਲਈ ਵਾਪਸੀ ਕਰਨ ਜਾ ਰਹੇ ਹਨ। ਪੰਤ ਆਪਣੀ ਖਤਰਨਾਕ ਬੱਲੇਬਾਜ਼ੀ ਅਤੇ ਲਾਲ ਗੇਂਦ ਦੀ ਕ੍ਰਿਕਟ ਵਿੱਚ ਸ਼ਾਨਦਾਰ ਵਿਕਟਕੀਪਿੰਗ ਲਈ ਜਾਣੇ ਜਾਂਦੇ ਹਨ।
ਇਹ ਖਿਡਾਰੀ ਟੀਮ ਲਈ ਕਰ ਸਕਦਾ ਹੈ ਡੈਬਿਊ
ਪ੍ਰਸ਼ੰਸਕਾਂ ਨੂੰ ਅਸ਼ਵਿਨ ਅਤੇ ਰਵਿੰਦਰ ਜੇਡੇਜਾ ਦੀ ਸਟਾਰ ਸਪਿਨਰ ਜੋੜੀ ਨੂੰ ਇੱਕ ਵਾਰ ਫਿਰ ਟੀਮ ਇੰਡੀਆ ਵਿੱਚ ਦੇਖਣ ਦਾ ਮੌਕਾ ਮਿਲਣ ਵਾਲਾ ਹੈ। ਇਸ ਦੇ ਨਾਲ ਹੀ ਟੀਮ 'ਚ ਕੁਲਦੀਪ ਯਾਦਵ ਅਤੇ ਅਕਸ਼ਰ ਪਟੇਲ ਵੀ ਮੌਜੂਦ ਹਨ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਯਸ਼ ਦਿਆਲ ਨੂੰ ਭਾਰਤੀ ਕ੍ਰਿਕਟ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਕੋਲ ਟੀਮ ਇੰਡੀਆ ਲਈ ਡੈਬਿਊ ਕਰਨ ਦਾ ਮੌਕਾ ਹੋਵੇਗਾ। ਇਸ ਦੇ ਨਾਲ ਹੀ ਆਕਾਸ਼ ਦੀਪ ਵੀ ਟੀਮ 'ਚ ਖੇਡਦੇ ਨਜ਼ਰ ਆ ਸਕਦੇ ਹਨ। ਰੋਹਿਤ ਸ਼ਰਮਾ ਇਸ ਸੀਰੀਜ਼ ਨੂੰ ਜਿੱਤ ਕੇ ਵਿਸ਼ਵ ਟੈਸਟ ਚੈਂਪੀਅਨਸ਼ਿਪ 2023-2025 'ਚ ਆਪਣੀ ਸਥਿਤੀ ਹੋਰ ਮਜ਼ਬੂਤ ਕਰਨਾ ਚਾਹੇਗਾ।