ਹੈਦਰਾਬਾਦ ਡੈਸਕ: ਪੰਜਾਬ ਬੋਰਡ ਦੇ ਵਿਦਿਆਰਥੀਆਂ ਦੇ ਲਈ ਇੱਕ ਅਹਿਮ ਖਬਰ ਸਾਹਮਣੇ ਆਈ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਨੇ 8ਵੀਂ 10ਵੀਂ ਅਤੇ 12ਵੀਂ ਜਮਾਤ ਦੀਆਂ ਵੋਕੇਸ਼ਨਲ ਅਤੇ NSQF ਵਿਸ਼ਿਆਂ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅੱਠਵੀਂ, ਦਸਵੀਂ ਅਤੇ ਬਾਰਵੀਂ ਸ਼੍ਰੇਣੀ ਫਰਵਰੀ/ਮਾਰਚ 2025 ਦੀ ਸਲਾਨਾ ਪ੍ਰੀਖਿਆ ਮਿਤੀ 19.2.2025 ਤੋਂ ਸੁਰੂ ਕਰਵਾਈ ਜਾਣੀ ਹੈ। ਬੋਰਡ ਵੱਲੋਂ ਇਸ ਸਬੰਧੀ ਸੂਚਨਾ ਸਕੂਲਾਂ ਨੂੰ ਭੇਜ ਦਿੱਤੀ ਗਈ ਹੈ।
ਪ੍ਰੀਖਿਆ ਦੀਆਂ ਤਰੀਕਾਂ
ਦੱਸ ਦਈਏ ਕਿ ਅੱਠਵੀਂ ਜਮਾਤ ਦੀ ਪ੍ਰੀਖਿਆ ਮਿਤੀ 19.2.2025 ਤੋਂ 7.3.2025 ਤੱਕ ਹੋਵੇਗੀ, ਇਸ ਦੇ ਨਾਲ ਹੀ ਦਸਵੀਂ ਜਮਾਤ ਦੀ ਪ੍ਰੀਖਿਆ ਮਿਤੀ 10.3.2025 ਤੋਂ 4.4.2025 ਤੱਕ ਅਤੇ ਬਾਰਵੀਂ ਜਮਾਤ ਦੀ ਪ੍ਰੀਖਿਆ ਮਿਤੀ 19.2.2025 ਤੋਂ 4.4.2025 ਤੱਕ ਬੋਰਡ ਵੱਲੋਂ ਸਥਾਪਤ ਪ੍ਰੀਖਿਆ ਕੇਂਦਰਾਂ ਵਿੱਚ ਕਰਵਾਈ ਜਾਵੇਗੀ।
ਸਵੇਰੇ 11.00 ਵਜੇ ਹੋਵੇਗਾ ਪ੍ਰੀਖਿਆ ਸੁਰੂ ਹੋਣ ਦਾ ਸਮਾਂ
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਅੱਠਵੀਂ, ਦਸਵੀਂ ਅਤੇ ਬਾਰਵੀਂ ਸ਼੍ਰੇਣੀ ਲਈ ਪ੍ਰੀਖਿਆ ਸ਼ੁਰੂ ਹੋਣ ਦਾ ਸਮਾਂ ਸਵੇਰੇ 11.00 ਵਜੇ ਹੋਵੇਗਾ। ਡੇਟਸ਼ੀਟ,ਹਦਾਇਤਾਂ ਅਤੇ ਹੋਰ ਵਧੇਰੇ ਜਾਣਕਾਰੀ ਬੋਰਡ ਦੀ ਵੈਬਸਾਈਟ www.pseb.ac.in 'ਤੇ ਉਪਲਬਧ ਹੈ।
ਪ੍ਰੀਖਿਆ ਦੌਰਾਨ ਸੁਰੱਖਿਆ ਦੇ ਕੀਤੇ ਜਾਣਗੇ ਸਖ਼ਤ ਪ੍ਰਬੰਧ
ਇਸ ਤੋਂ ਇਲਾਵਾ ਪ੍ਰੀਖਿਆ ਦੌਰਾਨ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾਣਗੇ। ਇਸ ਦਾ ਸਾਰਾ ਕੰਮ ਬੋਰਡ PSEB ਅਤੇ ਅੰਤਰਰਾਸ਼ਟਰੀ ਬੋਰਡਾਂ ਦੀ ਤਰਜ਼ 'ਤੇ ਕਰਦਾ ਹੈ ਤਾਂ ਜੋ ਵਿਦਿਆਰਥੀਆਂ ਨੂੰ ਪ੍ਰੀਖਿਆ ਦੇਣ ਵਿੱਚ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਹੁਣ ਬੋਰਡ ਸਿਰਫ਼ ਉਨ੍ਹਾਂ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੀ ਹਾਰਡ ਕਾਪੀ ਜਾਰੀ ਕਰਦਾ ਹੈ ਜੋ ਇਸ ਲਈ ਅਪਲਾਈ ਕਰਦੇ ਹਨ। ਨਹੀਂ ਤਾਂ ਵਿਦਿਆਰਥੀਆਂ ਨੂੰ ਇਸ ਨੂੰ ਡਿਜੀਲੌਕਰ ਤੋਂ ਹੀ ਪ੍ਰਾਪਤ ਕਰਨਾ ਹੋਵੇਗਾ। ਹਾਰਡ ਕਾਪੀ ਲਈ ਫੀਸ ਤੈਅ ਕੀਤੀ ਗਈ ਹੈ। ਇਸ ਦਾ ਭੁਗਤਾਨ ਵੀ ਪਹਿਲਾਂ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਬੋਰਡ ਪ੍ਰੀਖਿਆ ਦੇ ਨਤੀਜੇ ਪਹਿਲਾਂ ਜਾਰੀ ਕਰਨ ਦੀ ਕੋਸ਼ਿਸ਼ ਕਰਦਾ ਹੈ।