ਤਰਨ ਤਾਰਨ: ਦੇਸ਼ ਨੂੰ ਅਜ਼ਾਦ ਕਰਵਾਉਣ ਵਾਲੇ ਅਜ਼ਾਦੀ ਘੁਲਾਟੀਆ ਨੇ ਦੇਸ਼ ਦੀ ਅਜ਼ਾਦੀ ਵਿੱਚ ਅਹਿਮ ਯੋਗਦਾਨ ਪਾਇਆ ਹੈ ਪਰ ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਆਜ਼ਾਦੀ ਘੁਲਾਟੀਏ ਦੇ ਪਰਿਵਾਰਾਂ ਨੂੰ ਸਮੇਂ ਦੀਆਂ ਸਰਕਾਰਾਂ ਵਲੋਂ ਅੱਖੋ-ਪਰੋਖਿਆ ਕੀਤਾ ਗਿਆ ਹੈ। ਕਈ ਪਰਿਵਾਰ ਅੱਜ ਵੀ ਗ਼ੁਰਬਤ ਭਰੀ ਜਿੰਦਗੀ ਜੀਅ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਕਸਬਾ ਖਾਲੜਾ ਵਿਖੇ ਦੇਖਣ ਨੂੰ ਮਿਲੀ। ਇਥੋਂ ਦੇ ਆਜ਼ਾਦੀ ਲਈ ਸੰਘਰਸ਼ ਕਰਨ ਵਾਲੇ ਆਜ਼ਾਦੀ ਘੁਲਾਟੀਏ ਮਦਨ ਲਾਲ ਦਾ ਪੁੱਤਰ ਅੱਜ ਵੀ ਸਰਕਾਰ ਨੂੰ ਕੋਸ ਰਿਹਾ ਹੈ ਅਤੇ ਇੱਕ ਕਮਰਾ ਤੱਕ ਬਣਾ ਕੇ ਦੇਣ ਲਈ ਸਰਕਾਰ ਤੋਂ ਅਪੀਲ ਕੀਤੀ ਹੈ।
ਸਾਬਕਾ ਪੀਐਮ ਨੇ ਸਾਥੀ ਮਦਨ ਲਾਲ ਹੱਥੋਂ ਰੱਖਵਾਇਆ ਸੀ ਨੀਂਹ ਪੱਥਰ
ਕਸਬਾ ਖਾਲੜਾ ਵਾਸੀ ਦਲਜੀਤ ਕੁਮਾਰ ਨੇ ਈਟੀਵੀ ਭਾਰਤ ਦੇ ਪੱਤਰਕਾਰ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ, "ਮੇਰੇ ਪਿਤਾ ਸਾਥੀ ਮਦਨ ਲਾਲ ਨੇ ਦੇਸ਼ ਦੀ ਅਜ਼ਾਦੀ ਲਈ ਆਪਣਾ ਜੀਵਨ ਤੱਕ ਵਾਰ ਦਿੱਤਾ ਹੈ। ਉਸ ਵਕਤ ਦੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਸਰਕਾਰੀ ਇਮਾਰਤ ਦਾ ਨੀਂਹ ਪੱਥਰ ਮੇਰੇ ਪਿਤਾ ਜੀ ਦੇ ਹੱਥੋਂ ਰਖਵਾਇਆ ਸੀ। ਭਾਰਤ ਸਰਕਾਰ ਵੱਲੋਂ ਮੇਰੇ ਪਿਤਾ ਨੂੰ ਤਾਮਰ ਪੱਤਰ ਦੇ ਕੇ ਨਵਾਜਿਆ ਗਿਆ, ਪਰ ਮੇਰੇ ਪਿਤਾ ਦੀ ਮੌਤ ਤੋਂ ਬਾਅਦ ਕਿਸੀ ਵੀ ਸਰਕਾਰ ਨੇ ਮੇਰੀ ਬਾਂਹ ਨਹੀਂ ਫੜੀ।"

ਸਰਕਾਰ ਲਈ ਖੜ੍ਹੇ ਕੀਤੇ ਸਵਾਲ
ਦਲਜੀਤ ਕੁਮਾਰ ਨੇ ਦੱਸਿਆ ਕਿ, "ਉਹ ਬੀ.ਏ. ਪਾਸ ਹੈ ਅਤੇ ਹੁਣ ਉਮਰ 55 ਸਾਲ ਦੇ ਕਰੀਬ ਹੈ ਪਰ ਅਜੇ ਤੱਕ ਬੇਰੁਜ਼ਗਾਰ ਹਾਂ। ਜਦੋਂ ਵੀ ਕਿਸੇ ਸਰਕਾਰ ਕੋਲੋਂ ਸਰਕਾਰੀ ਨੌਕਰੀ ਦੀ ਮੰਗ ਕੀਤੀ ਜਾਂਦੀ ਹੈ, ਤਾਂ ਉਹ ਸਬੂਤਾਂ ਦੀ ਮੰਗ ਕਰਦੇ ਹਨ। ਪਰ, ਮੇਰੇ ਪਿਤਾ ਦੀ ਮੌਤ ਨੂੰ ਬਹੁਤ ਸਮਾਂ ਹੋ ਗਿਆ ਹੈ। ਕਾਰਗਿਲ ਦੇ ਮਾਹੌਲ ਸਮੇਂ ਉਨ੍ਹਾਂ ਨੂੰ ਘਰ ਛੱਡ ਕੇ ਪਿੱਛੇ ਜਾਣਾ ਪਿਆ ਜਿਸ ਕਾਰਨ ਸਾਡੇ ਸਾਰੇ ਦਸਤਾਵੇਜ਼ ਅਤੇ ਗਹਿਣੇ ਗੁੰਮ ਹੋ ਗਏ ਸਨ।"
ਸਹੂਲਤਾਂ ਦੇਣ ਸਮੇਂ ਸਬੂਤ ਮੰਗੇ ਜਾਂਦੇ, ਪਰ ਸਰਕਾਰੀ ਸਨਮਾਨ ਮਿਲਦਾ ਰਿਹਾ

ਦਲਜੀਤ ਨੇ ਕਿਹਾ ਕਿ, "ਜੇਕਰ ਮੇਰੇ ਪਿਤਾ ਆਜ਼ਾਦੀ ਘੁਲਾਟੀਏ ਨਹੀਂ ਹਨ ਤਾਂ ਸਰਕਾਰ ਵੱਲੋਂ 15 ਅਗਸਤ ਅਤੇ 26 ਜਨਵਰੀ ਨੂੰ ਜ਼ਿਲ੍ਹਾ ਪੱਧਰ ਉੱਤੇ ਮਨਾਏ ਜਾਂਦੇ ਸਰਕਾਰੀ ਸਮਾਗਮ ਵਿੱਚ ਮੈਨੂੰ ਸਨਮਾਨਿਤ ਕਿਉ ਕੀਤਾ ਜਾਂਦਾ ਹੈ? ਸਰਕਾਰ ਕੋਲ ਦੇਸ਼ ਨੂੰ ਆਜ਼ਾਦ ਕਰਾਉਣ ਵਾਲਿਆਂ ਦੇ ਸਬੂਤ ਕਿਉਂ ਨਹੀ ਹੈ? ਸਰਕਾਰ ਕੋਲ ਸਭ ਕੁਝ ਹੈ, ਤਾਂ ਫਿਰ ਸਾਨੂੰ ਬਣਦੀਆਂ ਸਹੂਲਤਾਂ ਕਿਉਂ ਨਹੀ ਦਿੱਤੀਆ ਜਾ ਰਹੀਆਂ।"
ਸੂਬਾ ਅਤੇ ਕੇਂਦਰ ਸਰਕਾਰ ਕੋਲੋਂ ਮੰਗ
ਦਲਜੀਤ ਕੁਮਾਰ ਨੇ ਕਿਹਾ ਕਿ ਮੀਡੀਆ ਵਾਲਿਆਂ ਨੂੰ ਇਹ ਸਾਰੀ ਕਹਾਣੀ ਇਸ ਲਈ ਦੱਸ ਰਿਹਾ ਕਿ ਸ਼ਾਇਦ ਇਸ ਜ਼ਰੀਏ ਉਸ ਦੀ ਆਵਾਜ਼ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਪੁੱਜ ਸਕੇ ਅਤੇ ਸ਼ਾਇਦ ਕੋਈ ਸਰਕਾਰੀ ਅਧਿਕਾਰੀ ਮੇਰੀ ਮਦਦ ਲਈ ਅੱਗੇ ਆਵੇ ਅਤੇ ਮੈਨੂੰ ਇਨਸਾਫ ਮਿਲ ਜਾਵੇ। ਉਸ ਨੇ ਕਿਹਾ ਕਿ ਜੇਕਰ ਇਸ ਉਮਰ ਵਿੱਚ ਮੇਰੀ ਕਿਸੇ ਨੇ ਬਾਂਹ ਨਾ ਫੜੀ, ਤਾਂ ਆਉਣ ਵਾਲੇ ਸਮੇਂ ਵਿੱਚ ਦੇਸ਼ ਖਾਤਰ ਕੋਈ ਕੁਰਬਾਨੀ ਕਰਨ ਲਈ ਤਿਆਰ ਨਹੀਂ ਹੋਵੇਗਾ। ਦਲਜੀਤ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਸ ਨੂੰ ਯੋਗਤਾ ਅਨੁਸਾਰ ਸਰਕਾਰੀ ਨੌਕਰੀ ਅਤੇ ਆਜ਼ਾਦੀ ਘੁਲਾਟੀਆ ਦੇ ਪਰਿਵਾਰਾਂ ਨੂੰ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਦਿੱਤੀਆ ਜਾਣ।