ਦਾਂਬੁਲਾ (ਸ਼੍ਰੀਲੰਕਾ) : ਭਾਰਤੀ ਮਹਿਲਾ ਕ੍ਰਿਕਟ ਟੀਮ ਅਤੇ ਪਾਕਿਸਤਾਨ ਦੀਆਂ ਮਹਿਲਾਵਾਂ ਵਿਚਾਲੇ ਸ਼ੁੱਕਰਵਾਰ ਨੂੰ ਇੱਥੇ ਰੰਗੀਰੀ ਦਾਂਬੁਲਾ ਇੰਟਰਨੈਸ਼ਨਲ ਸਟੇਡੀਅਮ 'ਚ ਖੇਡੇ ਗਏ ਮੈਚ 'ਚ ਭਾਰਤ ਨੇ ਕੱਟੜ ਵਿਰੋਧੀ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਇਸ ਇਕਪਾਸੜ ਮੈਚ 'ਚ ਪਾਕਿਸਤਾਨ ਨੂੰ ਹਰਾ ਕੇ ਮੌਜੂਦਾ ਚੈਂਪੀਅਨ ਭਾਰਤ ਨੇ ਸ਼ਾਨਦਾਰ ਜਿੱਤ ਨਾਲ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ। ਭਾਰਤ ਨੇ ਪਹਿਲਾਂ ਪਾਕਿਸਤਾਨ ਨੂੰ ਸਿਰਫ 108 ਦੌੜਾਂ 'ਤੇ ਆਊਟ ਕੀਤਾ ਅਤੇ ਫਿਰ 14.1 ਓਵਰਾਂ 'ਚ 109 ਦੌੜਾਂ ਬਣਾ ਕੇ ਆਸਾਨ ਜਿੱਤ ਦਰਜ ਕੀਤੀ। ਮਹਿਲਾ ਏਸ਼ੀਆ ਕੱਪ ਟੀ-20 'ਚ ਭਾਰਤ ਦੀ ਪਾਕਿਸਤਾਨ 'ਤੇ 7 ਮੈਚਾਂ 'ਚ ਇਹ ਛੇਵੀਂ ਜਿੱਤ ਹੈ।
ਸ਼ਾਨਦਾਰ ਗੇਂਦਬਾਜ਼ੀ:ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਦੇ ਹੋਏ ਦੀਪਤੀ ਸ਼ਰਮਾ ਦੀਆਂ 3 ਵਿਕਟਾਂ ਦੀ ਬਦੌਲਤ ਪਾਕਿਸਤਾਨ ਨੂੰ 108 ਦੌੜਾਂ 'ਤੇ ਆਊਟ ਕਰ ਦਿੱਤਾ। ਰੇਣੁਕਾ ਸਿੰਘ, ਪੂਜਾ ਵਸਤਰਕਾਰ ਅਤੇ ਸ਼੍ਰੇਅੰਕਾ ਪਾਟਿਲ ਨੂੰ ਵੀ 2-2 ਸਫਲਤਾ ਮਿਲੀ। 109 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਨੇ ਸਿਰਫ਼ 14.1 ਓਵਰਾਂ 'ਚ 3 ਵਿਕਟਾਂ ਦੇ ਨੁਕਸਾਨ 'ਤੇ 109 ਦੌੜਾਂ ਬਣਾ ਕੇ ਆਸਾਨ ਜਿੱਤ ਦਰਜ ਕੀਤੀ। ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ (45) ਅਤੇ ਸ਼ੈਫਾਲੀ ਵਰਮਾ (40) ਨੇ 57 ਗੇਂਦਾਂ 'ਤੇ 85 ਦੌੜਾਂ ਦੀ ਸਾਂਝੇਦਾਰੀ ਕਰਕੇ ਭਾਰਤ ਨੂੰ ਤੂਫਾਨੀ ਸ਼ੁਰੂਆਤ ਦਿੱਤੀ। ਦੋਵੇਂ ਬੱਲੇਬਾਜ਼ ਅਰਧ ਸੈਂਕੜੇ ਬਣਾਉਣ ਤੋਂ ਖੁੰਝ ਗਏ ਪਰ ਆਪਣੀ ਟੀਮ ਨੂੰ ਜਿੱਤ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ।