ਬੈਂਗਲੁਰੂ:ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਇੱਥੇ ਐਮ ਚਿੰਨਾਸਵਾਮੀ ਸਟੇਡੀਅਮ ਵਿੱਚ ਪਹਿਲਾ ਟੈਸਟ ਮੈਚ ਖੇਡਿਆ ਜਾ ਰਿਹਾ ਹੈ। ਪਹਿਲੀ ਪਾਰੀ 'ਚ 46 ਦੌੜਾਂ 'ਤੇ ਆਲ ਆਊਟ ਹੋਣ ਤੋਂ ਬਾਅਦ ਟੀਮ ਇੰਡੀਆ ਅਜੇ ਵੀ ਇਸ ਮੈਚ 'ਚ ਨਿਊਜ਼ੀਲੈਂਡ ਤੋਂ ਕਾਫੀ ਪਿੱਛੇ ਹੈ। ਟੈਸਟ ਦੇ ਦੂਜੇ ਦਿਨ ਵੀਰਵਾਰ ਨੂੰ ਭਾਰਤ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਜਦੋਂ ਖੱਬੇ ਹੱਥ ਦੇ ਸਟਾਰ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਗੋਡੇ ਦੀ ਸੱਟ ਕਾਰਨ ਮੈਦਾਨ ਛੱਡਣਾ ਪਿਆ।
ਪੰਤ ਦੀ ਸੱਟ ਨੂੰ ਲੈ ਕੇ BCCI ਦਾ ਵੱਡਾ ਅਪਡੇਟ
ਪੰਤ ਸ਼ੁੱਕਰਵਾਰ ਨੂੰ ਖੇਡ ਦੇ ਤੀਜੇ ਦਿਨ ਮੈਦਾਨ 'ਤੇ ਨਹੀਂ ਉਤਰੇ। ਉਨ੍ਹਾਂ ਦੀ ਥਾਂ 'ਤੇ ਧਰੁਵ ਜੁਰੇਲ ਵਿਕਟਕੀਪਿੰਗ ਕਰ ਰਹੇ ਹਨ। ਰਿਸ਼ਭ ਪੰਤ ਦੀ ਸੱਟ ਦੀ ਹੁਣ ਕੀ ਸਥਿਤੀ ਹੈ। ਇਸ ਨੂੰ ਲੈਕੇ BCCI ਨੇ ਵੱਡਾ ਅਪਡੇਟ ਜਾਰੀ ਕੀਤਾ ਹੈ। ਪੰਤ ਦੀ ਸੱਟ ਬਾਰੇ ਤਾਜ਼ਾ ਜਾਣਕਾਰੀ ਦਿੰਦੇ ਹੋਏ ਬੀਸੀਸੀਆਈ ਨੇ ਕਿਹਾ, 'ਰਿਸ਼ਭ ਪੰਤ ਤੀਜੇ ਦਿਨ ਵਿਕਟਕੀਪਿੰਗ ਨਹੀਂ ਕਰਨਗੇ। ਬੀਸੀਸੀਆਈ ਦੀ ਮੈਡੀਕਲ ਟੀਮ ਉਨ੍ਹਾਂ ਦੀ ਪ੍ਰਗਤੀ 'ਤੇ ਨਜ਼ਰ ਰੱਖ ਰਹੀ ਹੈ।
ਪੰਤ ਦੀ ਸੱਟ 'ਤੇ ਖਤਰਾ ਨਹੀਂ ਉਠਾਵਾਂਗੇ: ਰੋਹਿਤ
ਇਸ ਤੋਂ ਪਹਿਲਾਂ ਵੀਰਵਾਰ ਨੂੰ ਦੂਜੇ ਦਿਨ ਦੀ ਖੇਡ ਤੋਂ ਬਾਅਦ ਬੋਲਦੇ ਹੋਏ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਸੀ ਕਿ ਅਸੀਂ ਪੰਤ ਦੀ ਫਿਟਨੈੱਸ ਨੂੰ ਲੈ ਕੇ ਕੋਈ ਜੋਖਮ ਨਹੀਂ ਲੈਣਾ ਚਾਹੁੰਦੇ। ਉਨ੍ਹਾਂ ਨੇ ਕਿਹਾ, ਬਦਕਿਸਮਤੀ ਨਾਲ, ਗੇਂਦ ਉਨ੍ਹਾਂ ਦੇ ਗੋਡੇ ਦੀ ਕੈਪ 'ਤੇ ਸਿੱਧੀ ਜਾ ਵੱਜੀ, ਜਿਸ ਲੱਤ 'ਤੇ ਉਨ੍ਹਾਂ ਦੀ ਸਰਜਰੀ ਹੋਈ ਹੈ। ਉਸ 'ਤੇ ਕੁਝ ਸੋਜ ਹੈ। ਅਸੀਂ ਕੋਈ ਜੋਖਮ ਨਹੀਂ ਲੈਣਾ ਚਾਹੁੰਦੇ। ਰਿਸ਼ਭ ਵੀ ਕੋਈ ਜੋਖਮ ਨਹੀਂ ਲੈਣਾ ਚਾਹੁੰਦੇ, ਕਿਉਂਕਿ ਉਨ੍ਹਾਂ ਨੇ ਉਸ ਖਾਸ ਲੱਤ ਦੀ ਵੱਡੀ ਸਰਜਰੀ ਕਰਵਾਈ ਹੈ'।
ਪੰਤ ਨੂੰ ਕਿਵੇਂ ਲੱਗੀ ਸੀ ਸੱਟ ?
ਰਿਸ਼ਭ ਪੰਤ ਨੂੰ ਨਿਊਜ਼ੀਲੈਂਡ ਦੀ ਪਾਰੀ ਦੇ 37ਵੇਂ ਓਵਰ ਵਿੱਚ ਇਹ ਸੱਟ ਲੱਗੀ ਸੀ। ਉਨ੍ਹਾਂ ਨੇ ਰਵਿੰਦਰ ਜਡੇਜਾ ਦੀ ਗੇਂਦ ਨੂੰ ਕਲੈਕਟ ਕੀਤਾ ਅਤੇ ਡੇਵੋਨ ਕੌਨਵੇ ਨੂੰ ਸਟੰਪਿੰਗ ਕਰਨ ਤੋਂ ਖੁੰਝ ਗਏ ਅਤੇ ਗੇਂਦ ਸਿੱਧੀ ਉਨ੍ਹਾਂ ਦੇ ਸੱਜੇ ਗੋਡੇ 'ਤੇ ਲੱਗੀ। ਇਹ ਉਹੀ ਗੋਡਾ ਸੀ ਜਿਸ 'ਤੇ ਦਸੰਬਰ 2022 ਵਿਚ ਇਕ ਭਿਆਨਕ ਕਾਰ ਹਾਦਸੇ ਤੋਂ ਬਾਅਦ ਉਨ੍ਹਾਂ ਦੀ ਸਰਜਰੀ ਹੋਈ ਸੀ। ਇਸ ਤੋਂ ਬਾਅਦ ਪੰਤ ਨੂੰ ਤੁਰੰਤ ਮੈਦਾਨ ਛੱਡਣਾ ਪਿਆ ਅਤੇ ਉਨ੍ਹਾਂ ਦੀ ਥਾਂ 'ਤੇ ਧਰੁਵ ਜੁਰੇਲ ਨੂੰ ਵਿਕਟਕੀਪਿੰਗ ਲਈ ਬੁਲਾਇਆ ਗਿਆ।