ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਤਜ਼ਰਬੇਕਾਰ ਬੱਲੇਬਾਜ਼ ਵਿਰਾਟ ਕੋਹਲੀ ਇੰਗਲੈਂਡ ਖਿਲਾਫ 5 ਮੈਚਾਂ ਦੀ ਟੈਸਟ ਸੀਰੀਜ਼ ਦੇ ਬਾਕੀ ਤਿੰਨ ਮੈਚਾਂ ਤੋਂ ਬਾਹਰ ਹੋ ਗਏ ਹਨ। ਹੁਣ ਪ੍ਰਸ਼ੰਸਕ ਪੂਰੀ ਸੀਰੀਜ਼ 'ਚ ਵਿਰਾਟ ਨੂੰ ਖੇਡਦੇ ਨਹੀਂ ਦੇਖ ਸਕਣਗੇ। 13 ਸਾਲਾਂ 'ਚ ਇਹ ਪਹਿਲੀ ਵਾਰ ਹੈ ਜਦੋਂ ਵਿਰਾਟ ਪੂਰੀ ਟੈਸਟ ਸੀਰੀਜ਼ ਤੋਂ ਬਾਹਰ ਹੋਣਗੇ। ਅੱਜ ਬੀਸੀਸੀਆਈ ਨੇ ਇੰਗਲੈਂਡ ਖ਼ਿਲਾਫ਼ ਬਾਕੀ 3 ਟੈਸਟ ਮੈਚਾਂ ਲਈ ਟੀਮ ਦਾ ਐਲਾਨ ਕਰ ਦਿੱਤਾ ਹੈ। ਵਿਰਾਟ ਕੋਹਲੀ ਦਾ ਨਾਂ ਟੀਮ ਇੰਡੀਆ ਦੀ ਟੀਮ 'ਚ ਨਹੀਂ ਹੈ। ਇਹ ਸਪੱਸ਼ਟ ਹੋ ਗਿਆ ਹੈ ਕਿ ਉਹ ਬਾਕੀ ਮੈਚਾਂ ਤੋਂ ਬਾਹਰ ਰਹੇਗਾ।
ਬੀਸੀਸੀਆਈ ਨੇ ਵਿਰਾਟ ਕੋਹਲੀ ਦੇ ਟੀਮ ਤੋਂ ਬਾਹਰ ਹੋਣ ਦੀ ਵੀ ਜਾਣਕਾਰੀ ਦਿੱਤੀ ਹੈ। ਵਿਰਾਟ ਦੇ ਟੀਮ ਤੋਂ ਬਾਹਰ ਹੋਣ ਦੀਆਂ ਰੋਜ਼ਾਨਾ ਅਟਕਲਾਂ ਲੱਗ ਰਹੀਆਂ ਸਨ। ਹੁਣ ਵਿਰਾਟ ਨੇ ਉਨ੍ਹਾਂ ਸਾਰੀਆਂ ਖਬਰਾਂ 'ਤੇ ਰੋਕ ਲਗਾ ਦਿੱਤੀ ਹੈ ਅਤੇ BCCI ਨੇ ਅਸਲ ਕਾਰਨ ਵੀ ਦੱਸ ਦਿੱਤਾ ਹੈ। ਟੀਮ ਦਾ ਐਲਾਨ ਕਰਦੇ ਹੋਏ ਬੀਸੀਸੀਆਈ ਨੇ ਵਿਰਾਟ ਕੋਹਲੀ ਬਾਰੇ ਕਿਹਾ ਕਿ 'ਵਿਰਾਟ ਕੋਹਲੀ ਨਿੱਜੀ ਕਾਰਨਾਂ ਕਰਕੇ ਬਾਕੀ ਸੀਰੀਜ਼ ਲਈ ਉਪਲਬਧ ਨਹੀਂ ਹੋਣਗੇ। ਬੋਰਡ ਕੋਹਲੀ ਦੇ ਫੈਸਲੇ ਦਾ ਪੂਰਾ ਸਨਮਾਨ ਅਤੇ ਸਮਰਥਨ ਕਰਦਾ ਹੈ।'