ਧਰਮਸ਼ਾਲਾ:ਭਾਰਤ ਅਤੇ ਇੰਗਲੈਂਡ ਵਿਚਾਲੇ ਧਰਮਸ਼ਾਲਾ ਵਿੱਚ ਚੱਲ ਰਹੇ 5ਵੇਂ ਟੈਸਟ ਮੈਚ ਦੇ ਦੂਜੇ ਦਿਨ ਖੇਡ ਜਾਰੀ ਹੈ। ਭਾਰਤੀ ਟੀਮ ਲਈ ਕਪਤਾਨ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਨੇ ਪਹਿਲੇ ਦਿਨ ਦੇ ਸਕੋਰ ਨੂੰ 30 ਓਵਰਾਂ 'ਚ 1 ਵਿਕਟ 'ਤੇ 135 ਦੌੜਾਂ ਤੋਂ ਅੱਗੇ ਲੈ ਕੇ ਖੇਡ ਦੀ ਸ਼ੁਰੂਆਤ ਕੀਤੀ। ਦੋਵਾਂ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਆਪਣੇ-ਆਪਣੇ ਸੈਂਕੜੇ ਪੂਰੇ ਕੀਤੇ ਅਤੇ ਲੰਚ ਬ੍ਰੇਕ ਤੱਕ ਟੀਮ ਦਾ ਸਕੋਰ 60 ਓਵਰਾਂ 'ਚ 1 ਵਿਕਟ 'ਤੇ 264 ਦੌੜਾਂ ਤੱਕ ਪਹੁੰਚਾਇਆ। ਫਿਲਹਾਲ ਰੋਹਿਤ ਸ਼ਰਮਾ 102 ਅਤੇ ਸ਼ੁਭਮਨ ਗਿੱਲ 101 ਦੌੜਾਂ ਦੇ ਨਿੱਜੀ ਸਕੋਰ ਨਾਲ ਕ੍ਰੀਜ਼ 'ਤੇ ਮੌਜੂਦ ਹਨ। ਇਸ ਮੈਚ ਦੇ ਪਹਿਲੇ ਦਿਨ ਇੰਗਲੈਂਡ ਦੀ ਟੀਮ ਪਹਿਲੀ ਪਾਰੀ 'ਚ 218 ਦੌੜਾਂ 'ਤੇ ਆਲ ਆਊਟ ਹੋ ਗਈ ਸੀ। ਭਾਰਤੀ ਟੀਮ ਕੋਲ ਫਿਲਹਾਲ ਇੰਗਲੈਂਡ 'ਤੇ 46 ਦੌੜਾਂ ਦੀ ਬੜ੍ਹਤ ਹੈ।
ਸ਼ੁਭਮਨ ਗਿੱਲ ਨੇ ਸੈਂਕੜਾ ਲਗਾਇਆ:ਇਸ ਮੈਚ ਦੇ ਦੂਜੇ ਦਿਨ ਦੇ ਪਹਿਲੇ ਸੈਸ਼ਨ ਦੀ ਸ਼ੁਰੂਆਤ 'ਚ ਸ਼ੁਭਮਨ ਗਿੱਲ 26 ਦੌੜਾਂ 'ਤੇ ਬੱਲੇਬਾਜ਼ੀ ਕਰਨ ਲਈ ਮੈਦਾਨ ਵਿੱਚ ਆਏ। ਉਸ ਨੇ ਕ੍ਰੀਜ਼ 'ਤੇ ਆਉਣ ਤੋਂ ਬਾਅਦ ਕੁਝ ਸਮਾਂ ਲਿਆ ਅਤੇ ਫਿਰ ਆਪਣੀ ਖੇਡ ਦਿਖਾਉਣੀ ਸ਼ੁਰੂ ਕਰ ਦਿੱਤੀ। ਗਿੱਲ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਉਸ ਨੇ 76.92 ਦੀ ਸਟ੍ਰਾਈਕ ਰੇਟ ਨਾਲ 64 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਸ ਦੌਰਾਨ ਗਿੱਲ ਦੇ ਬੱਲੇ ਤੋਂ 5 ਚੌਕੇ ਅਤੇ 3 ਛੱਕੇ ਵੀ ਆਏ। ਇਸ ਤੋਂ ਬਾਅਦ ਗਿੱਲ ਨੇ 73.0 ਦੇ ਸਟ੍ਰਾਈਕ ਰੇਟ ਨਾਲ 137 ਗੇਂਦਾਂ 'ਚ 100 ਦੌੜਾਂ ਪੂਰੀਆਂ ਕੀਤੀਆਂ। ਉਸ ਨੇ ਚੌਕਾ ਲਗਾ ਕੇ ਆਪਣਾ ਸੈਂਕੜਾ ਪੂਰਾ ਕੀਤਾ। ਗਿੱਲ ਦੇ ਟੈਸਟ ਕਰੀਅਰ ਦਾ ਇਹ ਚੌਥਾ ਸੈਂਕੜਾ ਹੈ।