ਚੇਨਈ:ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਇੱਥੋਂ ਦੇ ਐੱਮ.ਏ.ਚਿਦੰਬਰਮ ਸਟੇਡੀਅਮ 'ਚ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ 'ਚ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਜਲਦੀ ਬੱਲੇਬਾਜ਼ੀ ਕਰਨ ਲਈ ਉਤਰਨਾ ਪਿਆ, ਕਿਉਂਕਿ ਭਾਰਤ ਨੇ 3 ਵਿਕਟਾਂ ਜਲਦੀ ਗੁਆ ਦਿੱਤੀਆਂ ਸਨ। ਹਸਨ ਮਹਿਮੂਦ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤ ਨੇ ਪਹਿਲੇ ਘੰਟੇ 'ਚ ਹੀ 34 ਦੌੜਾਂ 'ਤੇ 3 ਵਿਕਟਾਂ ਗੁਆ ਦਿੱਤੀਆਂ। ਰੋਹਿਤ ਸ਼ਰਮਾ, ਸ਼ੁਭਮਨ ਗਿੱਲ ਅਤੇ ਵਿਰਾਟ ਕੋਹਲੀ ਕੁਝ ਖਾਸ ਨਹੀਂ ਕਰ ਸਕੇ ਅਤੇ ਸਸਤੇ 'ਚ ਆਊਟ ਹੋ ਗਏ।
ਪੰਤ ਅਤੇ ਦਾਸ ਵਿਚਕਾਰ ਹੋਈ ਬਹਿਸ
ਟੀਮ ਮੁਸ਼ਕਿਲ ਵਿੱਚ ਹੋਣ ਦੇ ਬਾਵਜੂਦ ਪੰਤ ਨੇ ਹਮਲਾਵਰ ਅੰਦਾਜ਼ ਵਿੱਚ ਸ਼ੁਰੂਆਤ ਕੀਤੀ। ਉਹ ਨਾ ਸਿਰਫ ਚੌਕੇ ਲਗਾਉਣ ਦੀ ਕੋਸ਼ਿਸ਼ ਕਰ ਰਹੇ ਸੀ, ਸਗੋਂ ਜਦੋਂ ਵੀ ਮੌਕਾ ਮਿਲਦਾ ਸੀ ਸਿੰਗਲ ਚੋਰੀ ਕਰ ਰਹੇ ਸੀ। ਇਸ ਦੌਰਾਨ ਪੰਤ ਨੂੰ ਥਰੋਅ ਲੱਗਿਆ। ਜਿਸ ਤੋਂ ਬਾਅਦ ਉਹ ਬੰਗਲਾਦੇਸ਼ ਦੇ ਵਿਕਟਕੀਪਰ ਲਿਟਨ ਦਾਸ ਨਾਲ ਭਿੜ ਗਏ। ਦੋਵਾਂ ਵਿਚਾਲੇ ਹੋਈ ਗਰਮਾ-ਗਰਮੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਇਸ ਵਾਇਰਲ ਵੀਡੀਓ 'ਚ ਰਿਸ਼ਭ ਪੰਤ ਕਹਿ ਰਹੇ ਹਨ, ਉਸ ਨੂੰ ਵੀ ਤਾਂ ਦੇਖੋ, ਮੈਨੂੰ ਕਿਉਂ ਮਾਰ ਰਿਹਾ ਹੈ...?' ਇਸ ਦੇ ਜਵਾਬ 'ਚ ਲਿਟਨ ਦਾਸ ਨੂੰ ਵੀਡੀਓ 'ਚ ਇਹ ਕਹਿੰਦੇ ਹੋਏ ਸੁਣਿਆ ਜਾ ਰਿਹਾ ਹੈ, 'ਵਿਕਟ ਸਾਹਮਣੇ ਹੈ ਤਾਂ ਮਾਰੇਗਾ ਹੀ'। ਉਨ੍ਹਾਂ ਦੀ ਬਹਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਲੰਚ ਤੱਕ ਭਾਰਤ ਦਾ ਸਕੋਰ (88/3)
ਨੌਜਵਾਨ ਬੱਲੇਬਾਜ਼ ਪੰਤ ਅਤੇ ਜੈਸਵਾਲ ਨੇ ਸ਼ਾਨਦਾਰ ਬੱਲੇਬਾਜ਼ੀ ਕਰਕੇ ਭਾਰਤ ਨੂੰ ਸ਼ੁਰੂਆਤੀ ਝਟਕਿਆਂ ਤੋਂ ਉਭਰਨ ਵਿੱਚ ਮਦਦ ਕੀਤੀ। ਚੇਨਈ ਟੈਸਟ ਦੇ ਪਹਿਲੇ ਦਿਨ ਲੰਚ ਤੱਕ ਭਾਰਤ ਨੇ 3 ਵਿਕਟਾਂ ਦੇ ਨੁਕਸਾਨ 'ਤੇ 88 ਦੌੜਾਂ ਬਣਾ ਲਈਆਂ। ਯਸ਼ਸਵੀ ਜੈਸਵਾਲ (37) ਅਤੇ ਰਿਸ਼ਭ ਪੰਤ (33) ਦੌੜਾਂ ਬਣਾ ਕੇ ਕ੍ਰੀਜ਼ 'ਤੇ ਸਨ। ਦੋਵਾਂ ਨੇ ਸਕਾਰਾਤਮਕ ਰਵੱਈਆ ਅਪਣਾਇਆ ਅਤੇ ਬੰਗਲਾਦੇਸ਼ੀ ਗੇਂਦਬਾਜ਼ਾਂ ਨੂੰ ਹਾਵੀ ਨਹੀਂ ਹੋਣ ਦਿੱਤਾ।
ਇਸ ਤੋਂ ਪਹਿਲਾਂ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਟੀਮ ਇੰਡੀਆ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਭਾਰਤ ਨੇ 34 ਦੇ ਸਕੋਰ 'ਤੇ ਆਪਣੀਆਂ 3 ਮਹੱਤਵਪੂਰਨ ਵਿਕਟਾਂ ਗੁਆ ਦਿੱਤੀਆਂ। ਰੋਹਿਤ ਸ਼ਰਮਾ (6), ਸ਼ੁਭਮਨ ਗਿੱਲ (0) ਅਤੇ ਵਿਰਾਟ ਕੋਹਲੀ (6) ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ।