ਪੈਰਿਸ (ਫਰਾਂਸ): ਜੰਮੂ-ਕਸ਼ਮੀਰ ਵਿਚ ਹੋਏ ਲੈਂਡਮਾਈਨ ਧਮਾਕੇ ਦੇ ਪੀੜਤ ਹੋਕਾਟੋ ਸੇਮਾ ਨੇ ਚੱਲ ਰਹੇ ਪੈਰਿਸ ਪੈਰਾਲੰਪਿਕ 2024 ਵਿਚ ਪੁਰਸ਼ਾਂ ਦੇ F57 ਵਰਗ ਸ਼ਾਟਪੁੱਟ ਫਾਈਨਲ ਵਿਚ ਭਾਰਤ ਲਈ ਕਾਂਸੀ ਦਾ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਨਾਗਾਲੈਂਡ ਦੇ ਦੀਮਾਪੁਰ ਦੇ ਰਹਿਣ ਵਾਲੇ ਸੇਮਾ ਫੌਜ ਤੋਂ ਹਨ ਅਤੇ ਉਨ੍ਹਾਂ ਨੇ ਪਿਛਲੇ ਸਾਲ ਹਾਂਗਜ਼ੂ ਪੈਰਾਲੰਪਿਕ 'ਚ ਵੀ ਕਾਂਸੀ ਦਾ ਤਗਮਾ ਜਿੱਤਿਆ ਸੀ।
ਹੋਕਾਟੋ ਸੇਮਾ ਨੇ ਇਤਿਹਾਸ ਰਚਿਆ: ਸ਼ੁੱਕਰਵਾਰ ਨੂੰ ਪੈਰਾ ਸ਼ਾਟਪੁੱਟ ਐਥਲੀਟ ਸੇਮਾ ਨੇ ਪੈਰਿਸ ਪੈਰਾਲੰਪਿਕ 2024 'ਚ ਕਾਂਸੀ ਦਾ ਤਗਮਾ ਜਿੱਤ ਕੇ ਇਤਿਹਾਸ ਦੇ ਪੰਨਿਆਂ 'ਚ ਆਪਣਾ ਨਾਂ ਦਰਜ ਕਰਵਾਇਆ। ਉਨ੍ਹਾਂ ਨੇ ਆਪਣੇ ਦੂਜੇ ਥਰੋਅ ਵਿੱਚ 14 ਮੀਟਰ ਦੇ ਨਿਸ਼ਾਨ ਨੂੰ ਛੂਹਿਆ ਅਤੇ ਫਿਰ 14.40 ਮੀਟਰ ਥਰੋਅ ਕਰਕੇ ਭਾਰਤ ਲਈ 27ਵਾਂ ਤਮਗਾ ਯਕੀਨੀ ਬਣਾਇਆ।
ਲੈਂਡਮਾਈਨ ਧਮਾਕੇ ਵਿੱਚ ਗਿਆ ਪੈਰ:ਹੋਕਾਟੋ ਸੇਮਾ ਭਾਰਤੀ ਫੌਜ ਵਿੱਚ ਇੱਕ ਹਵਲਦਾਰ ਸਨ ਅਤੇ 2002 ਵਿੱਚ ਕੰਟਰੋਲ ਰੇਖਾ (LOC) ਦੇ ਨਾਲ ਇੱਕ ਅਪਰੇਸ਼ਨ ਦੌਰਾਨ ਇੱਕ ਲੈਂਡਮਾਈਨ ਧਮਾਕੇ ਕਾਰਨ ਆਪਣਾ ਪੈਰ ਗੁਆ ਬੈਠੇ ਸੀ। ਹਾਦਸੇ ਤੋਂ ਬਾਅਦ ਉਨ੍ਹਾਂ ਨੇ ਸ਼ਾਟਪੁੱਟ ਖੇਡਣਾ ਸ਼ੁਰੂ ਕੀਤਾ।
2022 ਤੋਂ ਸ਼ਾਟਪੁੱਟ ਖੇਡਣਾ ਸ਼ੁਰੂ ਕੀਤਾ: ਸੇਮਾ ਨੂੰ ਪੁਣੇ ਸਥਿਤ ਆਰਟੀਫਿਸ਼ੀਅਲ ਲਿੰਬ ਸੈਂਟਰ ਦੇ ਇੱਕ ਸੀਨੀਅਰ ਫੌਜੀ ਅਧਿਕਾਰੀ ਦੁਆਰਾ ਸ਼ਾਟਪੁੱਟ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਗਿਆ ਸੀ। ਉਨ੍ਹਾਂ ਨੇ ਇਹ ਖੇਡ 2016 ਵਿੱਚ 32 ਸਾਲ ਦੀ ਉਮਰ ਵਿੱਚ ਸ਼ੁਰੂ ਕੀਤੀ ਅਤੇ ਉਸੇ ਸਾਲ ਜੈਪੁਰ ਵਿੱਚ ਨੈਸ਼ਨਲ ਪੈਰਾ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ। ਉਨ੍ਹਾਂ ਨੇ 2022 ਵਿੱਚ ਮੋਰੱਕਨ ਗ੍ਰਾਂ ਪ੍ਰੀ ਵਿੱਚ ਚਾਂਦੀ ਦਾ ਤਗਮਾ ਵੀ ਜਿੱਤਿਆ ਅਤੇ ਇਸ ਸਾਲ ਵਿਸ਼ਵ ਚੈਂਪੀਅਨਸ਼ਿਪ ਵਿੱਚ ਚੌਥੇ ਸਥਾਨ 'ਤੇ ਰਹੇ।
F57 ਸ਼ਾਟ ਪੁਟ ਸ਼੍ਰੇਣੀ ਕੀ ਹੈ?:ਪੈਰਾਲੰਪਿਕਸ ਵਿੱਚ, F57 ਸ਼੍ਰੇਣੀ ਬੈਠਣ ਵਾਲੇ ਐਥਲੀਟਾਂ ਲਈ ਹੈ। ਇਸ ਸਥਿਤੀ ਤੋਂ ਸ਼ਾਟਪੁੱਟ ਵਿੱਚ ਹਿੱਸਾ ਲੈਣਾ ਮੁਸਕਿਕਲ ਹੈ, ਕਿਉਂਕਿ ਸੁੱਟਣ ਵਾਲੇ ਆਮ ਤੌਰ 'ਤੇ ਤੇਜ਼ੀ ਨਾਲ ਘੁੰਮਣ ਅਤੇ ਕਦਮ ਚੁੱਕ ਕੇ ਗਤੀ ਪ੍ਰਾਪਤ ਕਰਦੇ ਹਨ, ਜੋ ਉਨ੍ਹਾਂ ਨੂੰ ਜ਼ਮੀਨ ਤੋਂ ਉੱਪਰ ਵੱਲ ਸ਼ਕਤੀ ਪ੍ਰਦਾਨ ਕਰਦਾ ਹੈ। ਪਰ ਬੈਠਣ ਦੀ ਸਥਿਤੀ ਵਿੱਚ, ਐਥਲੀਟ ਦੇ ਉਪਰਲੇ ਸਰੀਰ ਤੋਂ ਵਧੇਰੇ ਸ਼ਕਤੀ ਦੀ ਲੋੜ ਹੁੰਦੀ ਹੈ।
ਤੁਹਾਨੂੰ ਦੱਸ ਦਈਏ ਕਿ ਪੈਰਿਸ ਪੈਰਾਲੰਪਿਕ ਵਿੱਚ ਭਾਰਤ ਨੇ ਹੁਣ ਤੱਕ 12 ਕਾਂਸੀ, 9 ਚਾਂਦੀ ਅਤੇ 6 ਸੋਨੇ ਸਮੇਤ ਕੁੱਲ 27 ਤਗਮੇ ਜਿੱਤੇ ਹਨ। ਜੋ ਇਹਨਾਂ ਖੇਡਾਂ ਵਿੱਚ ਉਨ੍ਹਾਂ ਦਾ ਸਰਵੋਤਮ ਪ੍ਰਦਰਸ਼ਨ ਹੈ।