ਭੁਵਨੇਸ਼ਵਰ (ਓਡੀਸ਼ਾ) : ਓਲੰਪਿਕ ਕਾਂਸੀ ਦਾ ਤਗਮਾ ਜੇਤੂ ਭਾਰਤੀ ਪੁਰਸ਼ ਹਾਕੀ ਟੀਮ ਨੇ ਅੱਜ ਓਡੀਸ਼ਾ ਦੇ ਸਾਬਕਾ ਮੁੱਖ ਮੰਤਰੀ ਨਵੀਨ ਪਟਨਾਇਕ ਨਾਲ ਨਵੀਨ ਨਿਵਾਸ ਵਿਖੇ ਮੁਲਾਕਾਤ ਕੀਤੀ। ਪਟਨਾਇਕ ਨੇ ਖਿਡਾਰੀਆਂ ਨੂੰ ਉਨ੍ਹਾਂ ਦੀ ਜਿੱਤ 'ਤੇ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਦੇਸ਼ ਦੀ ਸ਼ਾਨ ਲਈ ਯਤਨਸ਼ੀਲ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਆਸ ਪ੍ਰਗਟਾਈ ਕਿ ਅਗਲੇ ਓਲੰਪਿਕ ਵਿੱਚ ਭਾਰਤ ਹਾਕੀ ਵਿੱਚ ਸੋਨ ਤਗ਼ਮਾ ਜਿੱਤੇਗਾ। ਸਾਬਕਾ ਮੁੱਖ ਮੰਤਰੀ ਨੇ ਖਿਡਾਰੀਆਂ ਨੂੰ ਕੋਨਾਰਕ ਚੱਕਰ ਨਾਲ ਸਨਮਾਨਿਤ ਕੀਤਾ।
ਖਿਡਾਰੀਆਂ ਨੇ ਪਟਨਾਇਕ ਨੂੰ ਦਸਤਖਤ ਵਾਲੀ ਜਰਸੀ ਵੀ ਭੇਟ ਕੀਤੀ। ਇੱਕ ਸਮੇਂ ਜਦੋਂ ਹਾਕੀ ਵਿੱਚ ਸਪਾਂਸਰਾਂ ਦੀ ਘਾਟ ਸੀ, ਨਵੀਨ ਪਟਨਾਇਕ ਨੇ ਇੱਕ ਮਹੱਤਵਪੂਰਨ ਫੈਸਲਾ ਲਿਆ, ਜਿਸ ਦੇ ਤਹਿਤ ਓਡੀਸ਼ਾ ਨੇ ਭਾਰਤੀ ਹਾਕੀ ਟੀਮ ਨੂੰ ਸਪਾਂਸਰ ਕੀਤਾ।
ਇਸ ਸਹਿਯੋਗ ਨੇ ਟੀਮ ਨੂੰ ਓਲੰਪਿਕ ਵਿੱਚ ਲਗਾਤਾਰ ਦੋ ਤਗਮੇ ਜਿੱਤਣ ਵਿੱਚ ਅਹਿਮ ਭੂਮਿਕਾ ਨਿਭਾਈ। ਖਿਡਾਰੀਆਂ ਨੇ ਪਟਨਾਇਕ ਦਾ ਧੰਨਵਾਦ ਕੀਤਾ ਅਤੇ ਓਡੀਸ਼ਾ ਦੇ ਲੋਕਾਂ ਦੇ ਸਮਰਥਨ ਨਾਲ ਭਾਰਤੀ ਹਾਕੀ ਦੀ ਸਾਖ ਨੂੰ ਮੁੜ ਸੁਰਜੀਤ ਕੀਤਾ।