ਚੰਡੀਗੜ੍ਹ: ਰਾਜਸਥਾਨ ਰਾਇਲਜ਼ ਨੇ ਇੰਡੀਅਨ ਪ੍ਰੀਮੀਅਰ ਲੀਗ 2024 ਵਿੱਚ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਹੈ। ਟੀਮ ਨੇ ਮੌਜੂਦਾ ਸੈਸ਼ਨ ਦੇ 9ਵੇਂ ਮੈਚ ਵਿੱਚ ਦਿੱਲੀ ਕੈਪੀਟਲਜ਼ ਨੂੰ 12 ਦੌੜਾਂ ਨਾਲ ਹਰਾਇਆ ਹੈ। ਘਰੇਲੂ ਟੀਮ ਨੇ ਸੈਸ਼ਨ 'ਚ ਆਪਣਾ ਲਗਾਤਾਰ 9ਵਾਂ ਮੈਚ ਜਿੱਤਿਆ ਹੈ, ਜਦਕਿ ਰਾਜਸਥਾਨ ਨੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਹੈ।
ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ 'ਚ ਦਿੱਲੀ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰਾਜਸਥਾਨ ਨੇ 20 ਓਵਰਾਂ 'ਚ 5 ਵਿਕਟਾਂ 'ਤੇ 185 ਦੌੜਾਂ ਬਣਾਈਆਂ। ਜਵਾਬ 'ਚ ਦਿੱਲੀ ਦੀ ਟੀਮ 20 ਓਵਰਾਂ 'ਚ 5 ਵਿਕਟਾਂ 'ਤੇ 173 ਦੌੜਾਂ ਹੀ ਬਣਾ ਸਕੀ। ਰਿਆਨ ਪਰਾਗ ਪਲੇਅਰ ਆਫ ਦਾ ਮੈਚ ਚੁਣੇ ਗਏ। ਉਨ੍ਹਾਂ ਨੇ 45 ਗੇਂਦਾਂ 'ਤੇ 84 ਦੌੜਾਂ ਦੀ ਪਾਰੀ ਖੇਡੀ। ਇਸ ਪਾਰੀ 'ਚ 7 ਚੌਕੇ ਅਤੇ 6 ਛੱਕੇ ਸ਼ਾਮਲ ਸਨ।
ਰਾਜਸਥਾਨ ਦੇ ਰਿਆਨ ਪਰਾਗ ਨੇ 45 ਗੇਂਦਾਂ 'ਤੇ 186.67 ਦੀ ਸਟ੍ਰਾਈਕ ਰੇਟ ਨਾਲ 7 ਚੌਕਿਆਂ ਅਤੇ 6 ਛੱਕਿਆਂ ਦੀ ਮਦਦ ਨਾਲ ਅਜੇਤੂ 84 ਦੌੜਾਂ ਬਣਾਈਆਂ। ਰਵੀਚੰਦਰਨ ਅਸ਼ਵਿਨ ਨੇ 29 ਅਤੇ ਧਰੁਵ ਜੁਰੇਲ ਨੇ 20 ਦੌੜਾਂ ਦਾ ਯੋਗਦਾਨ ਪਾਇਆ। ਦਿੱਲੀ ਵੱਲੋਂ ਖਲੀਲ ਅਹਿਮਦ, ਮੁਕੇਸ਼ ਕੁਮਾਰ, ਐਨਰਿਕ ਨੌਰਤੀ, ਅਕਸ਼ਰ ਪਟੇਲ ਅਤੇ ਕੁਲਦੀਪ ਯਾਦਵ ਨੂੰ ਇਕ-ਇਕ ਵਿਕਟ ਮਿਲੀ। ਜਵਾਬ 'ਚ ਦਿੱਲੀ ਵਲੋਂ ਡੇਵਿਡ ਵਾਰਨਰ ਨੇ 34 ਗੇਂਦਾਂ 'ਤੇ 49 ਦੌੜਾਂ ਬਣਾਈਆਂ। ਟ੍ਰਿਸਟਨ ਸਟਬਸ ਨੇ ਨਾਬਾਦ 44, ਕਪਤਾਨ ਰਿਸ਼ਭ ਪੰਤ ਨੇ 28 ਅਤੇ ਮਿਸ਼ੇਲ ਮਾਰਸ਼ ਨੇ 23 ਦੌੜਾਂ ਬਣਾਈਆਂ। ਯੁਜਵੇਂਦਰ ਚਾਹਲ ਅਤੇ ਨੰਦਰੇ ਬਰਗਰ ਨੇ 2-2 ਵਿਕਟਾਂ ਹਾਸਲ ਕੀਤੀਆਂ। ਅਵੇਸ਼ ਖਾਨ ਨੂੰ ਇਕ ਵਿਕਟ ਮਿਲੀ।
ਪਹਿਲਾਂ ਬੱਲੇਬਾਜ਼ੀ ਕਰਨ ਆਈ ਰਾਜਸਥਾਨ ਦੀ ਸ਼ੁਰੂਆਤ ਖ਼ਰਾਬ ਰਹੀ। ਟੀਮ ਨੇ 36 ਦੌੜਾਂ 'ਤੇ ਟਾਪ-3 ਵਿਕਟਾਂ ਗੁਆ ਦਿੱਤੀਆਂ ਸਨ। ਯਸ਼ਸਵੀ ਜੈਸਵਾਲ 5 ਦੌੜਾਂ, ਜੋਸ ਬਟਲਰ 11 ਅਤੇ ਸੰਜੂ ਸੈਮਸਨ 15 ਦੌੜਾਂ ਬਣਾ ਕੇ ਆਊਟ ਹੋਏ। ਇੱਥੋਂ ਰਿਆਨ ਪਰਾਗ ਨੇ ਅਰਧ ਸੈਂਕੜਾ ਖੇਡ ਕੇ ਸਕੋਰ ਨੂੰ 185 ਦੌੜਾਂ ਤੱਕ ਪਹੁੰਚਾਇਆ। ਰਿਆਨ ਨੇ ਰਵੀਚੰਦਰਨ ਅਸ਼ਵਿਨ (29 ਦੌੜਾਂ) ਨਾਲ 54, ਧਰੁਵ ਜੁਰੇਲ (20 ਦੌੜਾਂ) ਨਾਲ 52 ਅਤੇ ਹੇਟਮਾਇਰ (14 ਦੌੜਾਂ) ਨਾਲ ਅਜੇਤੂ 43 ਦੌੜਾਂ ਦੀ ਸਾਂਝੇਦਾਰੀ ਕੀਤੀ।