ਨਵੀਂ ਦਿੱਲੀ: ਭਾਰਤ ਅਤੇ ਆਸਟ੍ਰੇਲੀਆ ਦੀਆਂ ਮਹਿਲਾ ਟੀਮਾਂ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ ਪਰਥ 'ਚ ਖੇਡਿਆ ਜਾ ਰਿਹਾ ਹੈ। ਆਸਟ੍ਰੇਲੀਆਈ ਟੀਮ ਪਹਿਲੇ ਦੋ ਵਨਡੇ ਮੈਚ ਜਿੱਤ ਕੇ ਇਹ ਸੀਰੀਜ਼ ਪਹਿਲਾਂ ਹੀ ਜਿੱਤ ਚੁੱਕੀ ਹੈ। ਹੁਣ ਹਰਮਨਪ੍ਰੀਤ ਕੌਰ ਦੀ ਕਪਤਾਨੀ ਵਾਲੀ ਟੀਮ ਇੰਡੀਆ ਇਸ ਆਖਰੀ ਮੈਚ ਨੂੰ ਜਿੱਤ ਕੇ ਕਲੀਨ ਸਵੀਪ ਤੋਂ ਬਚਣਾ ਚਾਹੇਗੀ।
ਅਰੁੰਧਤੀ ਰੈੱਡੀ ਨੇ ਗੇਂਦ ਨਾਲ ਤੂਫਾਨ ਮਚਾਇਆ
ਇਸ ਤੀਜੇ ਵਨਡੇ ਮੈਚ ਵਿੱਚ, ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਫੈਸਲੇ ਨੂੰ ਭਾਰਤ ਦੀ ਸਟਾਰ ਤੇਜ਼ ਗੇਂਦਬਾਜ਼ ਅਰੁੰਧਤੀ ਰੈੱਡੀ ਨੇ ਸਹੀ ਸਾਬਤ ਕੀਤਾ। ਉਸ ਨੇ ਆਪਣੀ ਤੂਫਾਨੀ ਗੇਂਦਬਾਜ਼ੀ ਨਾਲ ਆਸਟਰੇਲੀਆਈ ਬੱਲੇਬਾਜ਼ੀ ਲਾਈਨ ਦੀ ਕਮਰ ਤੋੜ ਦਿੱਤੀ। ਅਰੁੰਧਤੀ ਨੇ 10 ਓਵਰਾਂ ਵਿੱਚ 26 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਉਸ ਨੇ ਇਸ ਦੌਰਾਨ 2 ਮੇਡਨ ਓਵਰ ਵੀ ਸੁੱਟੇ।
ਅਰੁੰਧਤੀ ਰੈੱਡੀ ਨੇ 4 ਬੱਲੇਬਾਜ਼ਾਂ ਦਾ ਸ਼ਿਕਾਰ ਕੀਤਾ
ਅਰੁੰਧਤੀ ਰੈੱਡੀ ਨੇ ਪਹਿਲਾਂ 26 ਦੌੜਾਂ ਦੇ ਨਿੱਜੀ ਸਕੋਰ 'ਤੇ ਜਾਰਜੀਆ ਵੋਲ ਨੂੰ ਬੋਲਡ ਕੀਤਾ। ਇਸ ਤੋਂ ਬਾਅਦ ਉਹ 25 ਦੌੜਾਂ ਦੇ ਨਿੱਜੀ ਸਕੋਰ 'ਤੇ ਫੋਬੀ ਲਿਚਫੀਲਡ ਨੂੰ ਰਿਚਾ ਘੋਸ਼ ਹੱਥੋਂ ਕੈਚ ਆਊਟ ਕਰਵਾ ਗਈ। ਉਸ ਨੇ ਐਲੀਸ ਪੇਰੀ 4 ਅਤੇ ਬੈਥ ਮੂਨੀ 10 ਨੂੰ ਵੀ ਪਵੇਲੀਅਨ ਦਾ ਰਸਤਾ ਦਿਖਾਇਆ। ਉਸ ਦੀਆਂ ਚਾਰ ਵਿਕਟਾਂ ਦੀ ਬਦੌਲਤ ਆਸਟਰੇਲੀਅਨ ਟੀਮ 50 ਓਵਰਾਂ ਵਿੱਚ 6 ਵਿਕਟਾਂ ਗੁਆ ਕੇ 298 ਦੌੜਾਂ ਹੀ ਬਣਾ ਸਕੀ।
ਸਮ੍ਰਿਤੀ ਮੰਧਾਨਾ ਨੇ ਬਣਾਇਆ ਅਰਧ ਸੈਂਕੜਾ
ਆਸਟ੍ਰੇਲੀਆ ਤੋਂ ਮਿਲੇ 299 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤੀ ਟੀਮ ਨੇ ਹੁਣ ਤੱਕ 22 ਓਵਰਾਂ 'ਚ 1 ਵਿਕਟ ਦੇ ਨੁਕਸਾਨ 'ਤੇ 107 ਦੌੜਾਂ ਬਣਾ ਲਈਆਂ ਹਨ। ਇਸ ਸਮੇਂ ਭਾਰਤ ਦੀ ਸਟਾਰ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ 63 ਦੌੜਾਂ ਦੇ ਨਿੱਜੀ ਸਕੋਰ 'ਤੇ ਖੇਡ ਰਹੀ ਹੈ। ਹਰਲੀਨ ਦਿਓਲ (36) ਉਸ ਦਾ ਸਾਥ ਦੇ ਰਹੀ ਹੈ। ਇਸ ਮੈਚ ਵਿੱਚ ਸਮ੍ਰਿਤੀ ਮੰਧਾਨਾ ਨੇ 50 ਗੇਂਦਾਂ ਵਿੱਚ 10 ਚੌਕਿਆਂ ਦੀ ਮਦਦ ਨਾਲ ਆਪਣਾ ਅਰਧ ਸੈਂਕੜਾ ਪੂਰਾ ਕੀਤਾ।