ਨਵੀਂ ਦਿੱਲੀ: ਕਿਸ਼ੋਰ ਕੁਮਾਰ ਏਸ਼ੀਆਈ ਸਰਫਿੰਗ ਚੈਂਪੀਅਨਸ਼ਿਪ 'ਚ ਅੰਡਰ-18 ਵਰਗ 'ਚ ਆਖਰੀ ਅੱਠ ਪੜਾਅ 'ਚ ਪਹੁੰਚ ਗਏ ਹਨ, ਜਦਕਿ ਹਰੀਸ਼ ਮੁਥੂ ਪੁਰਸ਼ ਓਪਨ ਵਰਗ ਦੇ ਕੁਆਰਟਰ ਫਾਈਨਲ 'ਚ ਤੀਜੇ ਸਥਾਨ 'ਤੇ ਰਹਿ ਕੇ ਨਿਰਾਸ਼ ਹਨ। ਇਹ ਮੁਕਾਬਲਾ ਏਸ਼ੀਅਨ ਖੇਡਾਂ 2026 ਲਈ ਕੁਆਲੀਫਾਇਰ ਹੈ, ਜਿਸ ਦਾ ਆਯੋਜਨ ਮਾਲਦੀਵ ਦੇ ਥੁਲਸਧੂ ਵਿੱਚ ਕੀਤਾ ਜਾ ਰਿਹਾ ਹੈ, ਜਿਸ ਵਿੱਚ ਅੱਠ ਭਾਰਤੀ ਚਾਰ ਵਰਗਾਂ ਵਿੱਚ ਭਾਗ ਲੈ ਰਹੇ ਸਨ।
ਪ੍ਰਤਿਭਾਸ਼ਾਲੀ ਭਾਰਤੀ ਨੌਜਵਾਨ ਨੇ ਅੰਡਰ-18 ਵਰਗ ਵਿੱਚ 14.33 ਦੇ ਸਕੋਰ ਨਾਲ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ, ਜੋ ਰਾਊਂਡ 3 ਵਿੱਚ ਕਿਸੇ ਵੀ ਸਰਫ਼ਰ ਦਾ ਸਭ ਤੋਂ ਵੱਧ ਸਕੋਰ ਹੈ। ਉਨ੍ਹਾਂ ਨੇ ਰਾਊਂਡ 3 ਦੇ ਹੀਟ 2 ਵਿੱਚ 6.83 ਅਤੇ 7.5 ਦੇ ਦੋ ਵੇਵ ਸਕੋਰ ਹਾਸਲ ਕੀਤੇ, ਜੋ ਹੁਣ ਤੱਕ ਚੈਂਪੀਅਨਸ਼ਿਪ ਵਿੱਚ ਸਾਰੇ ਭਾਰਤੀ ਸਰਫਰਾਂ ਦਾ ਸਭ ਤੋਂ ਉੱਚਾ ਸਕੋਰ ਵੀ ਹੈ।
ਕਿਸ਼ੋਰ ਸ਼ੁੱਕਰਵਾਰ ਨੂੰ ਹੋਣ ਵਾਲੇ ਕੁਆਰਟਰ ਫਾਈਨਲ ਦੇ ਹੀਟ 3 ਵਿੱਚ ਚੀਨੀ ਤਾਈਪੇ ਦੇ ਜੌਹਨ ਚੈਨ ਅਤੇ ਮਾਲਦੀਵ ਦੇ ਸਈਦ ਸਲਾਹੁਦੀਨ ਨਾਲ ਭਿੜਨਗੇ। ਤਾਮਿਲਨਾਡੂ ਦੇ ਰਹਿਣ ਵਾਲੇ ਹਰੀਸ਼ ਨੂੰ ਕੁਆਰਟਰ ਫਾਈਨਲ ਵਿੱਚ ਇੰਡੋਨੇਸ਼ੀਆ ਦੇ ਜੋਏ ਸਤਰੀਆਵਾਨ ਅਤੇ ਜਾਪਾਨ ਦੇ ਕੈਸੇਈ ਅਦਾਚੀ ਤੋਂ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪਿਆ, ਜੋ ਕ੍ਰਮਵਾਰ ਪਹਿਲੇ ਅਤੇ ਦੂਜੇ ਸਥਾਨ 'ਤੇ ਰਹੇ।
ਹਰੀਸ਼ ਨੇ ਕੁਆਰਟਰ ਫਾਈਨਲ ਵਿੱਚ 6.76 ਦੇ ਸਕੋਰ ਨਾਲ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਪਹਿਲਾਂ ਉਹ ਰਾਊਂਡ 3 ਦੇ ਹੀਟ 1 ਵਿੱਚ 8.43 ਦੇ ਸਕੋਰ ਦੇ ਨਾਲ ਦੂਜੇ ਸਥਾਨ ਹਾਸਿਲ ਕੀਤਾ ਸੀ, ਜਿਸ 'ਚ ਚਾਰ ਵੇਵਜ਼ ਵਿੱਚ 5.33 ਅਤੇ 3.10 ਦੇ ਦੋ ਸਰਵੋਤਮ ਸਕੋਰ ਸੀ ਅਤੇ ਕੁਆਰਟਰ ਫਾਈਨਲ ਲਈ ਕੁਆਲੀਫਾਈ ਕੀਤਾ ਸੀ। ਆਪਣੀ ਇਸ ਪ੍ਰਾਪਤੀ 'ਤੇ ਬੋਲਦਿਆਂ ਹਰੀਸ਼ ਨੇ ਕਿਹਾ, 'ਮੈਨੂੰ ਚੈਂਪੀਅਨਸ਼ਿਪ 'ਚ ਆਪਣੇ ਪ੍ਰਦਰਸ਼ਨ 'ਤੇ ਮਾਣ ਹੈ, ਹਾਲਾਂਕਿ ਮੈਂ ਸੈਮੀਫਾਈਨਲ 'ਚ ਜਗ੍ਹਾ ਨਹੀਂ ਬਣਾ ਸਕਿਆ। ਚੋਟੀ ਦੇ ਦਰਜਾ ਪ੍ਰਾਪਤ ਏਸ਼ੀਅਨ ਸਰਫਰਾਂ ਵਿਚਕਾਰ ਮੁਕਾਬਲਾ ਕਰਨਾ ਮੇਰੇ ਲਈ ਬਹੁਤ ਵਧੀਆ ਅਨੁਭਵ ਸੀ ਅਤੇ ਮੈਂ ਇਸ ਮੁਕਾਬਲੇ ਤੋਂ ਬਹੁਤ ਕੁਝ ਸਿੱਖਿਆ'।