ਚੰਡੀਗੜ੍ਹ: ਅਫਗਾਨਿਸਤਾਨ ਦੇ ਸਟਾਰ ਸਪਿਨਰ ਰਾਸ਼ਿਦ ਖਾਨ ਹੁਣ ਤੱਕ ਵਿਆਹ ਦੀਆਂ ਚਰਚਾਵਾਂ 'ਤੇ ਚੁੱਪ ਸਨ। ਉਨ੍ਹਾਂ ਨੇ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਵਿਆਹ ਦਾ ਵਾਅਦਾ ਕੀਤਾ ਸੀ। ਪਰ ਹੁਣ ਰਾਸ਼ਿਦ ਦੇ ਘਰ ਦੋਹਰਾ ਜਸ਼ਨ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਦੇ ਵਿਆਹ 'ਚ ਤਿੰਨ ਲਾੜੇ ਮੌਜੂਦ ਸਨ ਅਤੇ ਅਫਗਾਨਿਸਤਾਨ ਦੇ ਕ੍ਰਿਕਟਰਾਂ ਨੇ ਬੜੇ ਉਤਸ਼ਾਹ ਨਾਲ ਵਿਆਹ ਦਾ ਜਸ਼ਨ ਮਨਾਇਆ। ਦਿਲਚਸਪ ਗੱਲ ਇਹ ਹੈ ਕਿ ਉਨ੍ਹਾਂ ਦੇ ਤਿੰਨ ਭਰਾਵਾਂ ਨੇ ਵੀ ਇਸ ਖਾਸ ਦਿਨ ਨੂੰ ਹੀ ਚੁਣਿਆ ਹੈ।
ਰਾਸ਼ਿਦ ਖਾਨ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਰਾਸ਼ਿਦ ਦਾ ਵਿਆਹ ਪਖਤੂਨ ਰੀਤੀ-ਰਿਵਾਜਾਂ ਨਾਲ ਹੋਇਆ। ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਰਾਸ਼ਿਦ ਦੇ ਵਿਆਹ 'ਚ ਕ੍ਰਿਕਟਰਾਂ ਦਾ ਇਕੱਠ ਵੀ ਦੇਖਣ ਨੂੰ ਮਿਲਿਆ।
ਖਬਰਾਂ ਦੀ ਮੰਨੀਏ ਤਾਂ ਰਾਸ਼ਿਦ ਨੇ ਆਪਣੀ ਰਿਸ਼ਤੇਦਾਰੀ 'ਚ ਹੀ ਵਿਆਹ ਕਰਵਾਇਆ ਹੈ। ਉਨ੍ਹਾਂ ਦੇ ਨਾਲ ਤਿੰਨ ਭਰਾਵਾਂ ਜ਼ਕੀਉੱਲ੍ਹਾ, ਨੁਮਾਨ ਅਤੇ ਨਸੀਮ ਖਾਨ ਨੇ ਵੀ ਆਪਣੇ ਵਿਆਹ ਲਈ ਇਹ ਹੀ ਤਰੀਕ ਚੁਣੀ। ਜਿਸ ਕਾਰਨ ਉਨ੍ਹਾਂ ਦੇ ਘਰ ਤੀਹਰਾ ਜਸ਼ਨ ਦੇਖਣ ਨੂੰ ਮਿਲਿਆ।
ਰਾਸ਼ਿਦ ਖਾਨ ਦੇ ਸਾਥੀਆਂ ਨੇ ਉਨ੍ਹਾਂ ਦੇ ਵਿਆਹ 'ਤੇ ਖੂਬ ਜਸ਼ਨ ਮਨਾਇਆ। ਕਾਬੁਲ ਦੇ ਇੰਪੀਰੀਅਲ ਕਾਂਟੀਨੈਂਟਲ ਹੋਟਲ 'ਚ ਹੋਏ ਇਸ ਵਿਆਹ 'ਚ ਕਈ ਅਫਗਾਨ ਕ੍ਰਿਕਟਰਾਂ ਨੇ ਸ਼ਿਰਕਤ ਕੀਤੀ। ਇਸ ਵਿਆਹ 'ਚ ਅਫਗਾਨਿਸਤਾਨ ਦੇ ਸਟਾਰ ਸਪਿਨਰ ਮੁਹੰਮਦ ਨਬੀ ਅਤੇ ਆਲਰਾਊਂਡਰ ਉਮਰਜ਼ਈ ਵੀ ਨਜ਼ਰ ਆਏ। ਇਸ ਦੇ ਨਾਲ ਹੀ ਨਜੀਬੁੱਲਾ ਜ਼ਦਰਾਨ, ਰਹਿਮਤ ਸ਼ਾਹ ਅਤੇ ਮੁਜੀਬ ਉਰ ਰਹਿਮਾਨ ਵਰਗੇ ਖਿਡਾਰੀ ਵੀ ਰਾਸ਼ਿਦ ਦੇ ਵਿਆਹ 'ਚ ਸ਼ਾਮਲ ਹੋਏ।
ਅਫਗਾਨਿਸਤਾਨ ਦੀ ਟੀਮ ਅਗਲੇ ਮਹੀਨੇ ਦੀ ਸ਼ੁਰੂਆਤ 'ਚ ਬੰਗਲਾਦੇਸ਼ ਨਾਲ ਵਨਡੇ ਸੀਰੀਜ਼ ਖੇਡੇਗੀ। ਇਸ ਸੀਰੀਜ਼ 'ਚ ਰਾਸ਼ਿਦ ਖਾਨ ਵੀ ਟੀਮ ਦੇ ਨਾਲ ਨਜ਼ਰ ਆ ਸਕਦੇ ਹਨ। ਉਨ੍ਹਾਂ ਦੀ ਟੀਮ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰਦੀ ਨਜ਼ਰ ਆ ਰਹੀ ਹੈ।