ਚੰਡੀਗੜ੍ਹ:ਪੰਜਾਬ ਵਿੱਚ ਹੁਣ ਜ਼ਿਮਨੀ ਚੋਣਾਂ ਤੋਂ ਬਾਅਦ ਨਗਰ ਨਿਗਮ ਚੋਣਾਂ ਦਾ ਅਖਾੜਾ ਭਖਣ ਜਾ ਰਿਹਾ ਹੈ। ਸਾਰੀਆਂ ਪਾਰਟੀਆਂ ਵੱਲੋਂ ਚੋਣ ਵਿੱਚ ਉਤਰਨ ਵਾਲੇ ਆਪਣੇ ਉਮੀਦਵਾਰਾਂ ਦੇ ਐਲਾਨ ਕਰ ਦਿੱਤੇ ਗਏ ਹਨ। ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਲਿਸਟ ਦਾ ਇੰਤਜ਼ਾਰ ਵੀ ਖਤਮ ਹੋ ਗਿਆ ਹੈ।
ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ
'ਆਪ' ਦੀ ਪੰਜਾਬ ਇਕਾਈ ਦੇ ਪ੍ਰਧਾਨ ਅਮਨ ਅਰੋੜਾ ਵੱਲੋਂ ਨਿਗਮ ਚੋਣਾਂ ਲਈ ਆਪ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕੀਤੀ ਗਈ ਹੈ। ਇਸ ਪਹਿਲੀ ਲਿਸਟ ਵਿੱਚ ਕੁੱਲ੍ਹ 784 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। । ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ 'ਆਪ' ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਦੱਸਿਆ ਕਿ ਲੁਧਿਆਣਾ ਨਗਰ ਨਿਗਮ ਲਈ 94, ਪਟਿਆਲਾ ਨਗਰ ਨਿਗਮ ਲਈ 56 ਅਤੇ ਅੰਮ੍ਰਿਤਸਰ ਨਗਰ ਨਿਗਮ ਲਈ 74 ਉਮੀਦਵਾਰ ਹਨ। ਨਗਰ ਕੌਂਸਲ ਧਰਮਕੋਟ, ਬਾਘਾਪੁਰਾਣਾ, ਮਾਛੀਵਾੜਾ, ਅਮਲੋਹ, ਮਲੌਦ, ਤਲਵੰਡੀ ਸਾਬੋਂ, ਮੱਖੂ, ਰਾਮਪੁਰਾ ਫੂਲ, ਸਰਦੂਲਗੜ੍ਹ, ਨਰੋਟ ਜੈਮਲ ਸਿੰਘ ਨਗਰ, ਬਾਬਾ ਬਕਾਲਾ ਲਈ ਵੀ ਉਮੀਦਵਾਰਾਂ ਦਾ ਐਲਾਨ ਕੀਤਾ ਹੈ।
ਬਾਕੀ ਉਮੀਦਵਾਰਾਂ ਦਾ ਜਲਦ ਐਲਾਨ
ਅਮਨ ਅਰੋੜਾ ਵੱਲੋਂ ਪ੍ਰੈੱਸ ਕਾਨਫਰੰਸ ਕਰਦਿਆਂ ਜਾਣਕਾਰੀ ਦਿੱਤੀ ਗਈ ਕਿ ਬਾਕੀ ਉਮੀਦਵਾਰਾਂ ਦਾ ਵੀ ਅੱਜ ਸ਼ਾਮ ਤੱਕ ਐਲਾਨ ਕੀਤਾ ਜਾਵੇਗਾ। ਅਮਨ ਅਰੋੜਾ ਨੇ ਦਾਅਵਾ ਕਰਦਿਆਂ ਕਿਹਾ ਕਿ ਲੰਘੀਆਂ ਵਿਧਾਨ ਸਭਾ ਅਤੇ ਜ਼ਿਮਨੀ ਚੋਣਾਂ ਦੀ ਤਰ੍ਹਾਂ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਇਨ੍ਹਾਂ ਨਿਗਮ ਚੋਣਾਂ ਵਿੱਚ ਵੀ ਹੂੰਝਾ ਫੇਰ ਜਿੱਤ ਦਰਜ ਕਰੇਗੀ।
ਭਲਕੇ ਨਾਮਜ਼ਦਗੀਆਂ ਭਰਨ ਦਾ ਆਖਰੀ ਦਿਨ
ਦੱਸ ਦਈਏ ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਭਰਨ ਦਾ ਸਿਲਸਿਲਾ ਪਿਛਲੇ ਦੋ ਦਿਨ ਤੋਂ ਚੱਲ ਰਿਹਾ ਹੈ। ਅੱਜ ਨਾਮਜ਼ਦਗੀਆਂ ਭਰਨ ਦਾ ਤੀਜਾ ਦਿਨ ਹੈ ਅਤੇ ਭਲਕੇ ਨਾਮਜ਼ਦਗੀਆਂ ਦਾਖਿਲ ਕਰਨ ਦਾ ਆਖਰੀ ਦਿਨ ਹੋਵੇਗਾ। ਆਮ ਆਦਮੀ ਪਾਰਟੀ ਨੇ ਜਿੱਥੇ 784 ਉਮੀਦਵਾਰਾਂ ਦੀ ਕੁੱਲ੍ਹ ਲਿਸਟ ਜਾਰੀ ਕੀਤੀ ਹੈ ਉੱਥੇ ਹੀ ਕਾਂਗਰਸ ਵੱਲੋਂ 63 ਉਮੀਦਵਾਰ ਜਦੋਂ ਕਿ ਭਾਜਪਾ ਵੱਲੋਂ 90 ਤੋਂ ਵੱਧ ਉਮੀਦਵਾਰ ਐਲਾਨੇ ਜਾ ਚੁੱਕੇ ਹਨ। ਇਸੇ ਤਰ੍ਹਾਂ ਅਕਾਲੀ ਦਲ ਵੱਲੋਂ 37 ਉਮੀਦਵਾਰ ਐਲਾਨੇ ਜਾ ਚੁੱਕੇ ਹਨ। 21 ਦਸੰਬਰ ਨੂੰ ਵੋਟਿੰਗ ਹੋਣੀ ਹੈ ਅਤੇ ਕੱਲ੍ਹ ਨਾਮਜ਼ਦਗੀਆਂ ਭਰਨ ਦਾ ਆਖਰੀ ਦਿਨ ਰਹੇਗਾ।