ਹੈਦਰਾਬਾਦ ਡੈਸਕ:ਪੰਜਾਬ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡਾਂ ਵਿੱਚ ਖਾਸਾ ਉਤਸ਼ਾਹ ਦੇਖਿਆ ਜਾ ਰਿਹਾ ਹੈ। ਬਹੁਤੇ ਪਿੰਡਾਂ ਦੇ ਲੋਕ ਆਪਣੇ ਪਿੰਡ ਦੀ ਪੰਚਾਇਤ ਚੁਣਨ ਲਈ ਬੇਹਦ ਉਤਾਵਲੇ ਹਨ। ਪੰਚਾਇਤੀ ਚੋਣਾਂ ਦੇ ਐਲਾਨ ਤੋਂ ਬਾਅਦ ਜਿੱਥੇ ਨਾਮਜ਼ਦਗੀਆਂ ਵੇਲ੍ਹੇ ਝੜਪਾਂ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ, ਉੱਥੇ ਹੀ ਪੰਜਾਬ ਦੇ ਕਈ ਪਿੰਡਾਂ ਵਿੱਚ ਸਰਬ ਸੰਮਤੀ ਨਾਲ ਪੰਚਾਇਤ ਦੀ ਚੋਣ ਕਰ ਲਈ ਗਈ। ਉੱਥੇ ਹੀ ਪਠਾਨਕੋਟ ਦੇ ਪਿੰਡ ਲਾਹੜੀ ਮੇਘਾਂ ਵਾਸੀਆਂ ਨੇ ਤਾਂ ਪੰਚਾਇਤੀ ਚੋਣਾਂ ਦਾ ਬਾਇਕਾਟ ਕਰਨ ਦਾ ਫੈਸਲਾ ਲੈ ਲਿਆ। ਉਨ੍ਹਾਂ ਦੀ ਸ਼ਿਕਾਇਤ ਸੀ ਕਿ ਪਿਛਲੇ 50 ਸਾਲ ਤੋਂ ਬਾਅਦ ਉਨ੍ਹਾਂ ਨੇ ਵਿਕਾਸ ਦਾ ਮੂੰਹ ਨਹੀਂ ਦੇਖਿਆ ਤੇ ਨਾ ਹੀ ਸਰਪੰਚ ਦਾ। ਇਸ ਤੋਂ ਇਲਾਵਾ ਸਰਪੰਚੀ ਕਈਆਂ ਲਈ ਜਾਨਲੇਵਾ ਵੀ ਬਣੀ। ਇੱਥੋ ਤੱਕ ਕਿ ਇਸ ਵਾਰ ਲੱਖਾਂ-ਕਰੋੜਾਂ ਦੀ ਬੋਲੀ ਲਗਾ ਕੇ ਪੰਚਾਇਤ ਚੁਣਨ ਦਾ ਮਾਮਲਾ ਬਹੁਤ ਗਰਮਾਇਆ ਤੇ ਇਹ ਮਾਮਲਾ ਹਾਈਕੋਰਟ ਤੱਕ ਪਹੁੰਚ ਗਿਆ। ਹਾਲਾਂਕਿ ਹਾਈਕੋਰਟ ਨੇ ਸੋਮਵਾਰ ਨੂੰ ਚੋਣਾਂ ਰੱਦ ਕਰਨ ਦੀਆਂ ਸਾਰੀਆਂ ਪਟੀਸ਼ਨਾਂ ਖਾਰਿਜ ਕਰ ਦਿੱਤੀਆਂ ਹਨ, ਸੋ ਹੁਣ ਅੱਜ ਪੂਰੇ ਪੰਜਾਬ ਦੇ ਪਿੰਡਾਂ ਵਿੱਚ ਵੋਟਿੰਗ ਹੋਵੇਗੀ। ਦੱਸ ਦਈਏ ਕਿ ਵੋਟਿੰਗ ਬੈਲਟ ਪੇਪਰ ਰਾਹੀ ਹੋਣਗੀਆਂ, ਈਵੀਐਮ ਦੀ ਵਰਤੋਂ ਨਹੀਂ ਹੋਵੇਗੀ।
ਚੋਣ ਪ੍ਰਚਾਰ ’ਤੇ ਪਾਬੰਦੀ ਦੇ ਹੁਕਮ, ਸੁਰੱਖਿਆ ਦਾ ਪੁਖ਼ਤਾ ਪ੍ਰਬੰਧ
ਪੰਚਾਇਤੀ ਚੋਣਾਂ ਨੂੰ ਲੈ ਕੇ ਡੀਸੀ ਵਿਨੀਤ ਕੁਮਾਰ ਨੇ ਚੋਣ ਪ੍ਰਚਾਰ ’ਤੇ ਪਾਬੰਦੀ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਹ ਸਾਰੀਆਂ ਪਾਬੰਦੀਆਂ ਪੋਲਿੰਗ ਸਟੇਸ਼ਨਾਂ ਦੇ ਆਲੇ-ਦੁਆਲੇ ਲਗਾਈਆਂ ਗਈਆਂ ਹਨ। 15 ਅਕਤੂਬਰ ਦਿਨ ਮੰਗਲਵਾਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਿੰਗ ਹੋਵੇਗੀ।
ਪੰਚਾਇਤੀ ਚੋਣਾਂ ਲਈ ਵੋਟਾਂ ਪਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸੁਰੱਖਿਆ ਵਿੱਚ ਕਿਸੇ ਤਰ੍ਹਾਂ ਦੀ ਗੜਬੜੀ ਜਾਂ ਕੁਤਾਹੀ ਨਾ ਹੋਵੇ, ਇਸ ਦਾ ਖਾਸ ਧਿਆਨ ਰੱਖਿਆ ਗਿਆ ਹੈ। ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ ਵਿੱਚ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਜਾਰੀ ਹੁਕਮਾਂ ਅਨੁਸਾਰ ਐਤਵਾਰ ਨੂੰ ਸ਼ਾਮ 6 ਵਜੇ ਚੋਣ ਪ੍ਰਚਾਰ ਸਮਾਪਤ ਹੋਣ ਦੇ ਨਾਲ ਹੀ ਬਾਕੀ ਜ਼ਿਲ੍ਹਿਆਂ ਤੋਂ ਚੋਣ ਪ੍ਰਚਾਰ ਲਈ ਇਸ ਜ਼ਿਲ੍ਹੇ ਵਿੱਚ ਆਏ ਪਾਰਟੀ ਵਰਕਰਾਂ ਜਾਂ ਆਗੂਆਂ ਨੂੰ ਵੀ ਵਾਪਸ ਪਰਤਣ ਲਈ ਕਿਹਾ ਗਿਆ ਹੈ। ਜੇਕਰ ਕੋਈ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ, ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਡੀਸੀ ਵਿਨੀਤ ਕੁਮਾਰ ਨੇ ਪੋਲਿੰਗ ਸਟੇਸ਼ਨਾਂ ਦੇ 100 ਮੀਟਰ ਦੇ ਘੇਰੇ ਅੰਦਰ ਚੋਣ ਪ੍ਰਚਾਰ ਕਰਨ, ਕਿਸੇ ਵੀ ਸਬੰਧਤ ਵਿਅਕਤੀ ਵੱਲੋਂ ਮੋਬਾਈਲ ਫ਼ੋਨ, ਕੋਰਡ ਰਹਿਤ ਫ਼ੋਨ, ਵਾਇਰਲੈੱਸ ਸੈੱਟ, ਲਾਊਡ ਸਪੀਕਰ, ਮੈਗਾਫ਼ੋਨ ਆਦਿ ਦੀ ਵਰਤੋਂ ਕਰਨ, ਚੋਣਾਂ ਵਾਲੇ ਦਿਨ ਪ੍ਰਚਾਰ ਕਰਨ, ਪੋਸਟਰ, ਬੈਨਰ ਆਦਿ ਲਗਾਉਣ 'ਤੇ ਪਾਬੰਦੀ ਹੈ।
3700 ਤੋ ਵਧ ਉਮੀਦਵਾਰ ਬਿਨਾਂ ਮੁਕਾਬਲੇ ਜਿੱਤੇ
ਪੰਜਾਬ ਵਿੱਚ 3700 ਤੋਂ ਵੱਧ ਉਮੀਦਵਾਰ ਬਿਨਾਂ ਮੁਕਾਬਲਾ ਸਰਪੰਚ ਚੁਣੇ ਗਏ ਹਨ। ਰਾਜ ਚੋਣ ਕਮਿਸ਼ਨ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੰਜਾਬ ਦੀਆਂ 13,229 ਗ੍ਰਾਮ ਪੰਚਾਇਤਾਂ ਲਈ 15 ਅਕਤੂਬਰ ਨੂੰ ਵੋਟਾਂ ਪੈਣਗੀਆਂ। ਵਿਭਾਗ ਨੇ ਦੱਸਿਆ ਕਿ 3,798 ਉਮੀਦਵਾਰ ਬਿਨਾਂ ਮੁਕਾਬਲਾ 'ਸਰਪੰਚ' ਚੁਣੇ ਗਏ ਹਨ, ਜਦਕਿ ਕੁੱਲ 48,861 'ਪੰਚ' ਵੀ ਬਿਨਾਂ ਮੁਕਾਬਲਾ ਚੁਣੇ ਗਏ ਹਨ।