ਮੁੰਬਈ: ਐੱਨਸੀਪੀ (ਅਜੀਤ ਪਵਾਰ ਧੜੇ) ਦੇ ਸੀਨੀਅਰ ਆਗੂ ਬਾਬਾ ਸਿੱਦੀਕੀ ਦੀ ਸ਼ਨੀਵਾਰ ਨੂੰ ਮੁੰਬਈ ਵਿੱਚ ਅਣਪਛਾਤੇ ਲੋਕਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮੁੰਬਈ ਪੁਲਸ ਨੇ ਦੱਸਿਆ ਕਿ ਇਹ ਘਟਨਾ ਬਾਂਦਰਾ ਈਸਟ 'ਚ ਬਾਬਾ ਸਿੱਦੀਕੀ ਦੇ ਬੇਟੇ ਜੀਸ਼ਾਨ ਸਿੱਦੀਕੀ ਦੇ ਦਫਤਰ ਨੇੜੇ ਵਾਪਰੀ। ਘਟਨਾ ਤੋਂ ਬਾਅਦ ਉਸ ਨੂੰ ਜ਼ਖਮੀ ਹਾਲਤ 'ਚ ਲੀਲਾਵਤੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਇਸ ਵੇਲ੍ਹੇ ਐਨਸੀਪੀ ਨੇਤਾ ਬਾਬਾ ਸਿੱਦੀਕੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਮੁੰਬਈ ਦੇ ਕੂਪਰ ਹਸਪਤਾਲ ਲਿਜਾਇਆ ਜਾ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਬਾਬਾ ਸਿੱਦੀਕੀ 'ਤੇ ਬਾਂਦਰਾ 'ਚ ਹਮਲਾ ਹੋਇਆ ਸੀ ਅਤੇ ਉਨ੍ਹਾਂ 'ਤੇ ਦੋ-ਤਿੰਨ ਗੋਲੀਆਂ ਚਲਾਈਆਂ ਗਈਆਂ ਸਨ। ਹਮਲਾਵਰਾਂ ਨੇ ਬਾਬਾ ਸਿੱਦੀਕੀ ਦੇ ਦਫ਼ਤਰ ਦੇ ਬਾਹਰ ਹਮਲਾ ਕੀਤਾ। ਮੀਡੀਆ ਰਿਪੋਰਟਾਂ ਮੁਤਾਬਕ ਗੋਲੀਬਾਰੀ ਦੌਰਾਨ ਬਾਬਾ ਸਿੱਦੀਕੀ ਦੇ ਪੇਟ ਵਿੱਚ ਦੋ-ਤਿੰਨ ਗੋਲੀਆਂ ਲੱਗੀਆਂ।
ਸਿੱਦੀਕੀ ਦੀ ਹਾਲਾਤ ਬਾਰੇ ਬੋਲੇ ਲੀਲਾਵਤੀ ਹਸਪਤਾਲ ਦੇ ਡਾਕਟਰ
ਲੀਲਾਵਤੀ ਹਸਪਤਾਲ ਦੇ ਡਾਕਟਰ ਜਲੀਲ ਪਾਰਕਰ ਨੇ ਕਿਹਾ, "ਰਾਤ 9:30 ਵਜੇ ਦੇ ਕਰੀਬ ਬਾਬਾ ਸਿੱਦੀਕ ਨੂੰ ਇੱਥੇ (ਹਸਪਤਾਲ) ਲਿਆਂਦਾ ਗਿਆ। ਜਦੋਂ ਉਨ੍ਹਾਂ ਨੂੰ ਐਮਰਜੈਂਸੀ ਵਿੱਚ ਲਿਜਾਇਆ ਗਿਆ ਤਾਂ ਉਨ੍ਹਾਂ ਦੀ ਨਬਜ਼ ਜਾਂ ਬੀਪੀ ਰਿਕਾਰਡ ਕਰਨ ਯੋਗ ਨਹੀਂ ਸੀ। ਈਸੀਜੀ ਇੱਕ ਫਲੈਟ ਲਾਈਨ ਸੀ, ਅਸੀਂ ਉਨ੍ਹਾਂ ਨੂੰ ਆਈਸੀਯੂ ਵਿੱਚ ਸ਼ਿਫਟ ਕਰ ਦਿੱਤਾ। ਰਾਤ ਕਰੀਬ 11:25 ਵਜੇ ਉਨ੍ਹਾਂ ਨੂੰ ਮ੍ਰਿਤ ਐਲਾਨਿਆ ਗਿਆ। ਉਨ੍ਹਾਂ ਦੀ ਛਾਤੀ 'ਤੇ ਗੋਲੀਆਂ ਲੱਗੀਆਂ ਸਨ।
ਪੁਲਿਸ ਨੇ ਦੋ ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ
ਇਸ ਦੇ ਨਾਲ ਹੀ ਮੁੰਬਈ ਪੁਲਿਸ ਨੇ ਇਸ ਮਾਮਲੇ ਵਿੱਚ ਦੋ ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਫਿਲਹਾਲ ਪੁਲਿਸ ਨੇ ਇਲਾਕੇ ਦੇ ਸੀਸੀਟੀਵੀ ਫੁਟੇਜ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਹਮਲਾਵਰਾਂ ਦੀ ਪਹਿਚਾਣ ਕਰਨ ਵਿੱਚ ਜੁਟੀ ਹੈ। ਮੁੰਬਈ ਪੁਲਿਸ ਨੇ ਕਿਹਾ, ਐੱਨਸੀਪੀ ਨੇਤਾ ਬਾਬਾ ਸਿੱਦੀਕੀ 'ਤੇ ਗੋਲੀਬਾਰੀ ਕਰਨ ਵਾਲੇ ਦੋ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ।