ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਸਕੱਤਰੇਤ ਵੱਲੋਂ ਲੁਧਿਆਣਾ ਦੀ ਪੱਛਮੀ ਵਿਧਾਨ ਸਭਾ ਸੀਟ ਨੂੰ ਖਾਲੀ ਐਲਾਨ ਦਿੱਤਾ ਗਿਆ ਹੈ। ਇਸ ਸਬੰਧੀ ਇੱਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ। ਇਸ ਨੋਟੀਫਿਕੇਸ਼ਨ ਰਾਹੀਂ ਸਪੱਸ਼ਟ ਕੀਤਾ ਗਿਆ ਹੈ ਕਿ ਲੁਧਿਆਣਾ ਪੱਛਮੀ ਸੀਟ ਹੁਣ 11 ਜਨਵਰੀ ਤੋਂ ਖਾਲੀ ਮੰਨੀ ਜਾਵੇਗੀ। ਦੱਸ ਦਈਏ ਕਿ 'ਆਪ' ਵਿਧਾਇਕ ਗੁਰਪ੍ਰੀਤ ਗੋਗੀ ਦੀ ਅਚਾਨਕ ਮੌਤ ਹੋਣ ਮਗਰੋਂ ਇਹ ਸੀਟ ਖਾਲੀ ਹੋਈ ਹੈ।
ਜੁਲਾਈ ਤੱਕ ਹੋ ਸਕਦੀ ਹੈ ਚੋਣ
ਨਿਯਮਾਂ ਮੁਤਾਬਿਕ ਪੰਜਾਬ ਵਿਧਾਨ ਸਭਾ ਸਕੱਤਰੇਤ ਵੱਲੋਂ ਸੀਟ ਖਾਲੀ ਐਲਾਨਣ ਤੋਂ ਬਾਅਦ 6 ਮਹੀਨਿਆਂ ਦੇ ਅੰਦਰ ਉਸ ਹਲਕੇ ਦੀ ਚੋਣ ਕਰਵਾਉਣੀ ਜ਼ਰੂਰੀ ਹੁੰਦੀ ਹੈ। ਜਿਸ ਕਾਰਨ ਇਹ ਕਿਆਸ ਲਗਾਏ ਜਾ ਰਹੇ ਹਨ ਕਿ 10 ਜੁਲਾਈ ਤੱਕ ਇਸ ਹਲਕੇ ਵਿੱਚ ਮੁੜ ਤੋਂ ਚੋਣ ਹੋਣਾ ਤੈਅ ਹੈ। ਜਿਸ ਦੇ ਚੱਲਦੇ ਲੁਧਿਆਣਾ ਪੱਛਮੀ ਸੀਟ 'ਤੇ ਮੁੜ ਲੋਕਾਂ ਨੂੰ ਜਲਦ ਵੋਟ ਪਾਉਣ ਦਾ ਮੌਕਾ ਮਿਲੇਗਾ।
ਪੰਜਾਬ ਵਿਧਾਨ ਸਭਾ ਸਕੱਤਰੇਤ ਵਲੋਂ ਨੋਟੀਫਿਕੇਸ਼ਨ ਜਾਰੀ (Punjab Govt) ਗੋਲੀ ਲੱਗਣ ਨਾਲ ਹੋਈ ਗੁਰਪ੍ਰੀਤ ਗੋਗੀ ਦੀ ਮੌਤ
ਕਾਬਿਲੇਗੌਰ ਹੈ ਕਿ ਲੁਧਿਆਣਾ ਦੀ ਪੱਛਮੀ ਵਿਧਾਨ ਸਭਾ ਸੀਟ ਤੋਂ ਵਿਧਾਇਕ ਰਹੇ ਗੁਰਪ੍ਰੀਤ ਗੋਗੀ ਦੀ ਬੀਤੀ 10 ਜਨਵਰੀ ਨੂੰ ਦੇਰ ਰਾਤ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ। ਪਰਿਵਾਰਿਕ ਮੈਂਬਰਾਂ ਤੇ ਪੁਲਿਸ ਦੇ ਬਿਆਨਾਂ ਮੁਤਾਬਿਕ ਇਹ ਇੱਕ ਹਾਦਸਾ ਸੀ। ਜਦੋਂ ਉਹ (ਮ੍ਰਿਤਕ ਗੋਗੀ) ਆਪਣਾ ਲਾਇਸੰਸੀ ਹਥਿਆਰ ਸਾਫ ਕਰ ਰਹੇ ਸੀ, ਤਾਂ ਅਚਾਨਕ ਗੋਲੀ ਚੱਲੀ ਅਤੇ ਸਿਰ ਦੇ ਆਰ-ਪਾਰ ਹੋ ਗਈ। ਜਦੋਂ ਗੋਗੀ ਨੂੰ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਲਿਜਾਇਆ ਗਿਆ, ਤਾਂ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ 11 ਜਨਵਰੀ ਦੇ ਤੜਕੇ ਹੀ ਇਹ ਖਬਰ ਚਾਰੇ ਪਾਸੇ ਫੈਲ ਗਈ ਕਿ ਗੋਗੀ ਦੀ ਮੌਤ ਹੋ ਚੁੱਕੀ ਹੈ।
ਹਮੇਸ਼ਾ ਹੱਸਦੇ ਰਹਿਣਾ ਤੇ ਮਿਲਣਸਾਰ ਸੁਭਾਅ ਦੇ ਸਨ ਗੁਰਪ੍ਰੀਤ ਗੋਗੀ
ਗੁਰਪ੍ਰੀਤ ਗੋਗੀ ਦੇ ਅੰਤਿਮ ਸਸਕਾਰ ਮੌਕੇ ਇੱਕਠੇ ਹੋਏ ਕਈ ਆਪ ਆਗੂਆਂ ਤੇ ਕਾਂਗਰਸੀ ਆਗੂਆਂ ਨੇ ਦੱਸਿਆ ਕਿ ਗੁਰਪ੍ਰੀਤ ਗੋਗੀ ਹਮੇਸ਼ਾ ਹੱਸਦੇ ਰਹਿਣ ਵਾਲੇ ਵਿਅਕਤੀ ਸੀ। ਕਿਸੇ ਵੀ ਚੀਜ਼ ਦੇ ਡਿਪ੍ਰੈਸ਼ਨ ਦਾ ਉਨ੍ਹਾਂ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਗੁਰਪ੍ਰੀਤ ਗੋਗੀ ਨੇ ਆਪਣਾ ਸਿਆਸੀ ਸਫਰ ਕਾਂਗਰਸ ਨਾਲ ਸ਼ੁਰੂ ਕੀਤਾ ਸੀ, ਜਿੱਥੋਂ 3 ਵਾਰ ਲਗਾਤਾਰ ਕੌਂਸਲਰ ਰਹਿਣ ਤੋਂ ਬਾਅਦ ਉਨ੍ਹਾਂ ਨੂੰ ਕਾਂਗਰਸ ਵੱਲੋਂ ਜ਼ਿਲ੍ਹਾ ਪ੍ਰਧਾਨ ਦਾ ਅਹੁਦਾ ਵੀ ਦਿੱਤਾ ਗਿਆ ਸੀ। ਸਾਲ 2017 ਵਿੱਚ ਜਦੋਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣੀ ਤਾਂ ਉਸ ਵੇਲੇ ਗੁਰਪ੍ਰੀਤ ਗੋਗੀ ਨੂੰ ਇੰਡਸਟਰੀ ਦਾ ਚੇਅਰਮੈਨ ਬਣਾਇਆ ਗਿਆ ਸੀ। ਜਿਸ ਤੋਂ ਬਾਅਦ ਸਾਲ 2022 'ਚ ਚੋਣਾਂ ਤੋਂ ਪਹਿਲਾਂ ਜਨਵਰੀ ਮਹੀਨੇ 'ਚ ਗੁਰਪ੍ਰੀਤ ਗੋਗੀ ਕਾਂਗਰਸ ਛੱਡ ਕੇ 'ਆਪ' 'ਚ ਸ਼ਾਮਲ ਹੋਏ ਸਨ ਤੇ ਵਿਧਾਨਸਭਾ ਚੋਣ ਲੜੇ ਸਨ। ਇੰਨ੍ਹਾਂ ਚੋਣਾਂ 'ਚ ਲੋਕਾਂ ਨੇ ਜਿੱਤ ਦਾ ਫਤਵਾ ਉਨ੍ਹਾਂ ਦੇ ਨਾਮ ਕੀਤਾ ਸੀ।
ਪਹਿਲਾਂ ਵੀ 4 ਹਲਕਿਆਂ 'ਤੇ ਹੋ ਚੁੱਕੀ ਜ਼ਿਮਨੀ ਚੋਣ
ਗੌਰਤਲਬ ਹੈ ਕਿ ਲੋਕ ਸਭਾ ਚੋਣਾਂ 'ਚ ਚਾਰ ਵਿਧਾਇਕਾਂ ਦੇ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਗਿੱਦੜਬਾਹਾ, ਬਰਨਾਲਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਹਲਕੇ ਖਾਲੀ ਹੋ ਗਏ ਸਨ। ਜਿਸ ਤੋ ਬਾਅਦ ਪੰਜਾਬ 'ਚ 20 ਨਵੰਬਰ 2024 ਨੂੰ ਚਾਰ ਵਿਧਾਨ ਸਭਾ ਹਲਕਿਆਂ 'ਚ ਜ਼ਿਮਨੀ ਚੋਣ ਹੋਈ ਸੀ। ਇੰਨ੍ਹਾਂ ਜ਼ਿਮਨੀ ਚੋਣਾਂ 'ਚ ਕਾਫ਼ੀ ਉਲਟਫੇਰ ਦੇਖਣ ਨੂੰ ਮਿਲਿਆ ਸੀ, ਜਿਥੇ ਕਾਂਗਰਸ ਦੇ ਜੋ ਤਿੰਨ ਹਲਕੇ ਸੀ, ਉਸ ਨੂੰ ਆਮ ਆਦਮੀ ਪਾਰਟੀ ਨੇ ਫਤਿਹ ਕੀਤਾ ਸੀ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੀ ਰਾਜਧਾਨੀ ਕਹੀ ਜਾਣ ਵਾਲਾ ਹਲਕਾ ਬਰਨਾਲਾ ਕਾਂਗਰਸ ਦੀ ਝੋਲੀ ਪਿਆ ਸੀ।