ਲੁਧਿਆਣਾ: ਬਲੋਕ ਵਨ ਵਿੱਚ ਅੱਜ ਸਾਬਕਾ ਕਾਂਗਰਸੀ ਸਰਪੰਚਾਂ ਵੱਲੋਂ ਪੰਚਾਇਤ ਦਫਤਰ ਦੇ ਅੱਗੇ ਆ ਕੇ ਕਾਫੀ ਹੰਗਾਮਾ ਕੀਤਾ ਗਿਆ ਅਤੇ ਇਲਜ਼ਾਮ ਲਗਾਏ ਗਏ ਕਿ ਬੀਡੀਪੀਓ ਉਹਨਾਂ ਨੂੰ ਐਨਓਸੀ ਨਹੀਂ ਦੇ ਰਹੇ। ਜਿਸ ਨੂੰ ਲੈ ਕੇ ਸਾਬਕਾ ਐਮਐਲਏ ਕਾਂਗਰਸ ਕੁਲਦੀਪ ਵੈਦ ਵੀ ਮੌਕੇ ਉੱਤੇ ਪਹੁੰਚੇ ਜਿਹਨਾਂ ਵੱਲੋਂ ਪੰਚਾਇਤ ਅਫਸਰ ਰਾਜੇਸ਼ ਚੱਢਾ ਦੇ ਨਾਲ ਗੱਲਬਾਤ ਕੀਤੀ ਗਈ। ਇਸ ਦੌਰਾਨ ਦੋਵਾਂ ਵਿਚਕਾਰ ਬਹਿਸ ਵੀ ਹੋਈ। ਕੁਲਦੀਪ ਵੈਦ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਧੱਕਾ ਸਾਡੇ ਸਰਪੰਚਾਂ ਨਾਲ ਨਹੀਂ ਹੋਣ ਦਿੱਤਾ ਜਾਵੇਗਾ।
ਪੰਚਾਇਤ ਅਫਸਰ ਨਾਲ ਹੋਈ ਬਹਿਸ (ETV BHARAT PUNJAB (ਰਿਪੋਟਰ,ਲੁਧਿਆਣਾ)) ਹਾਈਕੋਰਟ ਦਾ ਵੀ ਦਰਵਾਜ਼ਾ ਖੜਕਾਵਾਂਗੇ
ਦੂਜੇ ਪਾਸੇ ਸਾਬਕਾ ਸਰਪੰਚਾਂ ਨੇ ਕਿਹਾ ਕਿ ਸਾਨੂੰ ਐਨਓਸੀ ਨਹੀਂ ਦਿੱਤੀ ਜਾ ਰਹੀ। ਉਹਨਾਂ ਨੇ ਕਿਹਾ ਕਿ ਨਾ ਹੀ ਸਾਨੂੰ ਕੋਈ ਚਿੱਠੀਆਂ ਭੇਜੀਆਂ ਗਈਆਂ ਅਤੇ ਨਾ ਹੀ ਕੋਈ ਸਾਡੇ ਬਕਾਏ ਹਨ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦਬਾਅ ਦੇ ਚੱਲਦਿਆਂ ਬੀਡੀਪੀਓ ਸਾਨੂੰ ਐਨਓਸੀ ਜਾਰੀ ਨਹੀਂ ਕਰ ਰਹੇ ਹਨ। ਉਹਨਾਂ ਕਿਹਾ ਕਿ ਇਸ ਸਬੰਧੀ ਅਸੀਂ ਚੋਣ ਕਮਿਸ਼ਨ ਨੂੰ ਵੀ ਸ਼ਿਕਾਇਤ ਕਰਾਂਗੇ ਅਤੇ ਨਾਲ ਹੀ ਲੋੜ ਪਈ ਤਾਂ ਹਾਈਕੋਰਟ ਦਾ ਵੀ ਦਰਵਾਜ਼ਾ ਖੜਕਾਵਾਂਗੇ।
ਨਿਰਪੱਖ ਤਰੀਕੇ ਨਾਲ ਹੋ ਰਿਹਾ ਕੰਮ
ਹਾਲਾਂਕਿ ਬਲਾਕ ਵਨ ਦੇ ਬੀਡੀਪੀਓ ਨੇ ਦੱਸਿਆ ਕਿ ਸਾਨੂੰ ਸਖਤ ਹਦਾਇਤਾਂ ਹਨ ਜਿਹੜੇ ਵੀ ਸਰਪੰਚਾਂ ਦਾ ਬਕਾਇਆ ਹੈ ਜਾਂ ਜਿਨ੍ਹਾਂ ਉੱਤੇ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਚੱਲ ਰਹੀ ਹੈ ਉਹਨਾਂ ਨੂੰ ਐਨਓਸੀ ਨਹੀਂ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਅਸੀਂ ਕਾਨੂੰਨ ਦੇ ਦਾਅਰੇ ਵਿੱਚ ਰਹਿ ਕੇ ਕੰਮ ਕਰ ਰਹੇ ਹਨ ਕਾਨੂੰਨ ਦੇ ਮੁਤਾਬਿਕ ਹੀ ਐਨਓਸੀ ਜਾਰੀ ਕਰ ਰਹੇ ਹਾਂ। ਉਹਨਾਂ ਕਿਹਾ ਕਿ ਭਾਰਤ ਲੋਕਤੰਤਰ ਹੈ ਅਤੇ ਹਰ ਕੋਈ ਆਪਣੀ ਗੱਲ ਕਹਿ ਸਕਦਾ ਹੈ। ਉਹਨਾਂ ਕਿਹਾ ਕਿ ਉਹ ਇਲਜ਼ਾਮ ਲਗਾ ਸਕਦੇ ਹਨ ਪਰ ਅਸੀਂ ਨਿਰਪੱਖ ਹੋ ਕੇ ਕੰਮ ਕਰ ਰਹੇ ਹਾਂ, ਹੁਣ ਤੱਕ 500 ਤੋਂ ਵੱਧ ਐਨਓਸੀ ਜਾਰੀ ਕਰ ਚੁੱਕੇ ਹਾਂ, ਉਹਨਾਂ ਕਿਹਾ ਕਿ ਅਸੀਂ ਛੁੱਟੀ ਵਾਲੇ ਦਿਨ ਵੀ ਕੰਮ ਕਰ ਰਹੇ ਹਾਂ, ਦੋ ਦਿਨ ਪੰਜਾਬ ਦੇ ਵਿੱਚ ਛੁੱਟੀ ਹੈ ਪਰ ਅਸੀਂ ਦਫਤਰਾਂ ਦੇ ਵਿੱਚ ਬਹਿ ਕੇ ਕੰਮ ਕਰ ਰਹੇ ਹਾਂ ਅਤੇ ਲੋਕਾਂ ਦੀ ਸਹੂਲਤ ਲਈ ਬੈਠੇ ਹਨ ਤਾਂ ਜੋ ਕਿਸੇ ਨੂੰ ਕੋਈ ਸਮੱਸਿਆ ਨਾ ਆਵੇ ।