ਹੱਸਣਾ ਸਿਹਤ ਲਈ ਬਹੁਤ ਵਧੀਆਂ ਹੁੰਦਾ ਹੈ ਅਤੇ ਇਸ ਨਾਲ ਕਈ ਸਮੱਸਿਆਵਾਂ ਤੋਂ ਮਿੰਟਾਂ 'ਚ ਛੁਟਕਾਰਾ ਪਾਇਆ ਜਾ ਸਕਦਾ ਹੈ। ਹੱਸਣ ਨਾਲ ਤਣਾਅ ਦੂਰ ਹੁੰਦਾ ਹੈ ਅਤੇ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ। ਪਰ ਇੱਕ ਖੋਜ 'ਚ ਹੈਰਾਨ ਕਰ ਦੇਣ ਵਾਲਾ ਖੁਲਾਸਾ ਹੋਇਆ ਹੈ। ਇਸ ਖੋਜ 'ਚ ਦੱਸਿਆ ਗਿਆ ਹੈ ਕਿ ਜ਼ਿਆਦਾ ਹੱਸਣਾ ਮੌਤ ਦਾ ਕਾਰਨ ਵੀ ਬਣ ਸਕਦਾ ਹੈ। ਦੱਸ ਦੇਈਏ ਕਿ ਇਸਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਤੁਸੀਂ ਹੱਸਣਾ ਹੀ ਬੰਦ ਕਰ ਦਿਓ। ਆਮ ਹੱਸਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ ਪਰ ਜ਼ਰੂਰਤ ਤੋਂ ਜ਼ਿਆਦਾ ਹੱਸਣਾ ਨੁਕਸਾਨਦੇਹ ਹੋ ਸਕਦਾ ਹੈ।
ਇਸ ਸਬੰਧੀ ਡਾਕਟਰ ਸੁਧੀਰ ਕੁਮਾਰ ਨੇ ਪਿਛਲੇ ਸਾਲ X 'ਤੇ ਪੋਸਟ ਸ਼ੇਅਰ ਕਰਕੇ ਆਪਣਾ ਇੱਕ ਤੁਜ਼ਰਬਾ ਸ਼ੇਅਰ ਕੀਤਾ ਸੀ ਅਤੇ ਦੱਸਿਆ ਸੀ ਕਿ ਕਿਵੇਂ ਜ਼ਿਆਦਾ ਹੱਸਣ ਨਾਲ ਇੱਕ ਵਿਅਕਤੀ ਦੀ ਸਿਹਤ ਖਰਾਬ ਹੋ ਗਈ ਹੈ। X 'ਤੇ ਪੋਸਟ ਸ਼ੇਅਰ ਕਰਕੇ ਉਨ੍ਹਾਂ ਨੇ ਲਿਖਿਆ ਹਾਸਾ ਸਭ ਤੋਂ ਵਧੀਆ ਦਵਾਈ ਹੈ। ਹਾਲਾਂਕਿ, ਇੱਕ 53 ਸਾਲ ਦੇ ਬਜ਼ੁਰਗ ਨੂੰ ਜ਼ਿਆਦਾ ਹੱਸਣ ਕਾਰਨ ਹਸਪਤਾਲ ਦਾਖਲ ਹੋਣਾ ਪਿਆ। ਉਨ੍ਹਾਂ ਨੇ ਅੱਗੇ ਲਿਖਿਆ ਕਿ 53 ਸਾਲਾ ਸ਼੍ਰੀ ਸ਼ਿਆਮ ਆਪਣੇ ਪਰਿਵਾਰ ਨਾਲ ਚਾਹ ਪੀ ਰਹੇ ਸੀ ਅਤੇ ਟੀਵੀ 'ਤੇ ਇੱਕ ਪ੍ਰਸਿੱਧ ਕਾਮੇਡੀ ਸ਼ੋਅ ਦੇਖ ਰਹੇ ਸੀ। ਸ਼ੋਅ ਵਿੱਚ ਕੁਝ ਕਾਮੇਡੀ ਸੀਨ ਦੇਖ ਕੇ ਉਹ ਆਪਣੇ ਹਾਸੇ 'ਤੇ ਕਾਬੂ ਨਹੀਂ ਰੱਖ ਸਕੇ ਅਤੇ ਲਗਾਤਾਰ ਹੱਸਦੇ ਰਹੇ। ਸਭ ਕੁਝ ਠੀਕ ਚੱਲ ਰਿਹਾ ਸੀ ਪਰ ਅਚਾਨਕ ਸ਼੍ਰੀ ਸ਼ਿਆਮ ਦੇ ਹੱਥੋਂ ਚਾਹ ਦਾ ਕੱਪ ਡਿੱਗ ਗਿਆ ਅਤੇ ਥੋੜ੍ਹੀ ਦੇਰ ਬਾਅਦ ਉਨ੍ਹਾਂ ਦਾ ਸਰੀਰ ਇੱਕ ਪਾਸੇ ਝੁਕ ਗਿਆ ਅਤੇ ਉਹ ਕੁਰਸੀ ਤੋਂ ਜ਼ਮੀਨ 'ਤੇ ਡਿੱਗ ਪਏ ਅਤੇ ਬੇਹੋਸ਼ ਹੋ ਗਏ। ਇਸ ਦੌਰਾਨ ਘਰ ਦੇ ਸਾਰੇ ਮੈਂਬਰ ਘਬਰਾ ਗਏ, ਕਿਉਂਕਿ ਸ਼੍ਰੀ ਸ਼ਿਆਮ ਫਰਸ਼ 'ਤੇ ਬੇਹੋਸ਼ ਪਏ ਸਨ। ਸ਼੍ਰੀ ਸ਼ਿਆਮ ਦੀ ਧੀ ਨੇ ਐਂਬੂਲੈਂਸ ਬੁਲਾਈ।
ਕੁਝ ਮਿੰਟਾਂ ਬਾਅਦ ਸ਼੍ਰੀ ਸ਼ਿਆਮ ਨੇ ਆਪਣੀਆਂ ਅੱਖਾਂ ਖੋਲ੍ਹੀਆਂ ਅਤੇ ਸਾਰਿਆਂ ਨੂੰ ਪਛਾਣਨ ਲੱਗ ਪਏ। ਉਹ ਆਪਣੀਆਂ ਬਾਹਾਂ ਅਤੇ ਲੱਤਾਂ ਨੂੰ ਹਿਲਾਉਣ ਦੇ ਯੋਗ ਸੀ ਅਤੇ ਦੂਜਿਆਂ ਨਾਲ ਗੱਲਬਾਤ ਵੀ ਕਰ ਸਕਦੇ ਸੀ। ਹਾਲਾਂਕਿ, ਉਨ੍ਹਾਂ ਨੂੰ ਹੁਣੇ ਵਾਪਰੀ ਇਸ ਘਟਨਾ ਬਾਰੇ ਕੁਝ ਯਾਦ ਨਹੀਂ ਸੀ।
ਜਦੋਂ ਉਨ੍ਹਾਂ ਨੂੰ ਐਮਰਜੈਂਸੀ ਰੂਮ ਵਿੱਚ ਲਿਆਂਦਾ ਗਿਆ ਤਾਂ ਉਹ ਪੂਰੀ ਤਰ੍ਹਾਂ ਠੀਕ ਹੋ ਗਏ। ਉਨ੍ਹਾਂ ਦੀ ਕਲੀਨਿਕਲ ਜਾਂਚ ਆਮ ਸੀ। ਦੱਸ ਦੇਈਏ ਕਿ ਫਿਰ ਉਨ੍ਹਾਂ ਨੂੰ ਰਾਏ ਲਈ ਡਾਕਟਰ ਸੁਧੀਰ ਕੁਮਾਰ ਕੋਲ ਹੀ ਭੇਜਿਆ ਗਿਆ। ਇਸ ਦੌਰਾਨ ਡਾਕਟਰ ਨੇ ਪੂਰੀ ਘਟਨਾ ਬਾਰੇ ਸੁਣਿਆ ਅਤੇ ਉਨ੍ਹਾਂ ਦੀ ਕਲੀਨਿਕਲ ਜਾਂਚ ਕੀਤੀ ਅਤੇ ਡਾਕਟਰ ਨੇ ਪਾਇਆ ਕਿ ਉਨ੍ਹਾਂ ਦਾ ਕੋਈ ਡਾਕਟਰੀ ਬਿਮਾਰੀ ਦਾ ਇਤਿਹਾਸ ਨਹੀਂ ਸੀ ਅਤੇ ਉਹ ਕੋਈ ਦਵਾਈ ਵੀ ਨਹੀਂ ਲੈ ਰਹੇ ਸੀ। ਫਿਰ ਡਾਕਟਰ ਨੇ ਮਰੀਜ਼ ਨੂੰ ਸਲਾਹ ਦਿੱਤੀ।
ਡਾਕਟਰ ਨੇ ਕੀ ਦਿੱਤੀ ਸਲਾਹ?
ਡਾਕਟਰ ਨੇ 53 ਸਾਲਾ ਵਿਅਕਤੀ ਦੀ ਵਿਗੜ ਰਹੀ ਸਿਹਤ ਪਿੱਛੇ ਜ਼ਿਆਦਾ ਹਾਸੇ ਨੂੰ ਕਾਰਨ ਦੱਸਿਆ। ਇਸਦੇ ਨਾਲ ਹੀ, ਡਾਕਟਰ ਨੇ ਆਮ ਟਰਿਗਰਾਂ ਜਿਵੇਂ ਕਿ ਬਹੁਤ ਜ਼ਿਆਦਾ ਹਾਸਾ, ਲੰਬੇ ਸਮੇਂ ਤੱਕ ਖੜ੍ਹੇ ਰਹਿਣਾ ਅਤੇ ਬਹੁਤ ਜ਼ਿਆਦਾ ਸਰੀਰਕ ਮਿਹਨਤ ਆਦਿ ਕਰਨ ਤੋਂ ਬਚਣ ਦੀ ਸਲਾਹ ਦਿੱਤੀ। ਇਸ ਤੋਂ ਇਲਾਵਾ, ਚੰਗੀ ਤਰ੍ਹਾਂ ਹਾਈਡਰੇਟਿਡ ਰਹਿਣ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਜੇਕਰ ਤੁਹਾਨੂੰ ਇਸ ਦੌਰਾਨ ਚੱਕਰ ਆਉਣ ਲੱਗਦੇ ਹਨ ਜਾਂ ਅੱਖਾਂ ਅੱਗੇ ਕਾਲੇ ਘੇਰੇ ਆਉਂਦੇ ਹਨ, ਤਾਂ ਲੰਮੇ ਪੈ ਜਾਓ ਤਾਂਕਿ ਦਿਮਾਗ ਵਿੱਚ ਖੂਨ ਦਾ ਪ੍ਰਵਾਹ ਘੱਟ ਨਾ ਹੋਵੇ। ਇਸ ਸਥਿਤੀ ਦੇ ਇਲਾਜ ਲਈ ਕਿਸੇ ਵੀ ਦਵਾਈ ਦੀ ਲੋੜ ਨਹੀਂ ਹੈ।