ਇਸਲਾਮਾਬਾਦ: ਪਾਕਿਸਤਾਨ ਹਮੇਸ਼ਾ ਹੀ ਸੁਰਖੀਆਂ ਵਿੱਚ ਰਹਿੰਦਾ ਹੈ। ਕਦੇ ਉਥੋਂ ਦੀ ਸਿਆਸਤ ਬਾਰੇ ਖ਼ਬਰਾਂ ਆਉਂਦੀਆਂ ਹਨ ਤੇ ਕਦੇ ਕਿਸੇ ਦੇ ਬਿਆਨ ਮਸ਼ਹੂਰ ਹੋ ਜਾਂਦੇ ਹਨ। ਲਾਹੌਰ ਤੋਂ ਅਰਬੀ ਪ੍ਰਿੰਟ ਵਾਲਾ ਪਹਿਰਾਵਾ ਪਹਿਨਣ ਵਾਲੀ ਔਰਤ ਦਾ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਉਸ 'ਤੇ ਈਸ਼ਨਿੰਦਾ ਦਾ ਦੋਸ਼ ਲੱਗਾ ਹੈ। ਇੰਨਾ ਹੀ ਨਹੀਂ ਪਾਕਿਸਤਾਨ ਦੇ ਲੋਕਾਂ ਨੇ ਉਸ ਨੂੰ ਘੇਰ ਲਿਆ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਇਕ ਮਹਿਲਾ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੀ ਅਤੇ ਉਸ ਨੂੰ ਛੁਡਵਾਇਆ। ਤੁਹਾਨੂੰ ਦੱਸ ਦਈਏ ਕਿ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਅਰਬੀ ਪ੍ਰਿੰਟਿਡ ਕੱਪੜੇ ਪਹਿਨੀ ਇਕ ਔਰਤ ਇਕ ਰੈਸਟੋਰੈਂਟ ਦੇ ਬਾਹਰ ਮੂੰਹ ਢੱਕ ਕੇ ਖੜ੍ਹੀ ਹੈ। ਇਸ ਦੇ ਨਾਲ ਹੀ ਪੁਲਿਸ ਉੱਥੇ ਮੌਜੂਦ ਭੀੜ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕਰ ਰਹੀ ਹੈ। ਇੱਕ ਹੋਰ ਵੀਡੀਓ ਵਿੱਚ ਮਹਿਲਾ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਇਹ ਔਰਤ ਆਪਣੇ ਪਤੀ ਨਾਲ ਖਰੀਦਦਾਰੀ ਕਰਨ ਆਈ ਸੀ। ਇਸ ਔਰਤ ਦੇ ਪਹਿਰਾਵੇ ਨੂੰ ਦੇਖ ਕੇ ਉੱਥੇ ਹਲਚਲ ਮਚ ਗਈ। ਇਸ ਔਰਤ ਦੇ ਪਹਿਰਾਵੇ 'ਤੇ ਅਰਬੀ 'ਚ ਕੁਝ ਲਿਖਿਆ ਹੋਇਆ ਸੀ। ਇਸ ਸਾਧਾਰਨ ਗੱਲ 'ਤੇ ਲੋਕ ਗੁੱਸੇ 'ਚ ਆ ਗਏ ਅਤੇ ਉਸ 'ਤੇ ਈਸ਼ਨਿੰਦਾ ਦਾ ਦੋਸ਼ ਲਗਾਉਣ ਲੱਗੇ। ਜਾਣਕਾਰੀ ਮੁਤਾਬਕ ਭੀੜ ਨੇ ਔਰਤ ਨੂੰ ਕੱਪੜੇ ਬਦਲਣ ਲਈ ਵੀ ਕਿਹਾ।