ਵਾਸ਼ਿੰਗਟਨ:ਅਮਰੀਕਾ ਨੇ ਪਾਕਿਸਤਾਨ ਨੂੰ ਆਪਣੀ ਅੱਤਵਾਦ ਵਿਰੋਧੀ ਮੁਹਿੰਮ 'ਚ ਸੰਜਮ ਵਰਤਣ ਦੀ ਅਪੀਲ ਕੀਤੀ ਹੈ। ਇਸ ਤੋਂ ਕੁਝ ਘੰਟੇ ਪਹਿਲਾਂ ਪਾਕਿਸਤਾਨ ਨੇ ਕਿਹਾ ਸੀ ਕਿ ਉਸ ਨੇ ਅਫਗਾਨਿਸਤਾਨ 'ਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਨਾਲ ਜੁੜੇ ਅੱਤਵਾਦੀਆਂ 'ਤੇ ਹਵਾਈ ਹਮਲੇ ਕੀਤੇ ਹਨ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੀਨ ਜੀਨ-ਪੀਅਰੇ ਨੇ ਸੋਮਵਾਰ ਨੂੰ ਇਕ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਅਮਰੀਕਾ ਅਫਗਾਨਿਸਤਾਨ 'ਤੇ ਸ਼ਾਸਨ ਕਰਨ ਵਾਲੇ ਤਾਲਿਬਾਨ ਨੂੰ ਵੀ ਅਪੀਲ ਕਰਦਾ ਹੈ ਕਿ ਉਹ ਇਹ ਯਕੀਨੀ ਬਣਾਉਣ ਕਿ ਅਫਗਾਨਿਸਤਾਨ ਦੀ ਧਰਤੀ ਨੂੰ ਅੱਤਵਾਦੀ ਹਮਲੇ ਕਰਨ ਲਈ ਇਸਤੇਮਾਲ ਨਾ ਕੀਤਾ ਜਾਵੇ।
ਪਾਕਿਸਤਾਨ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਅਫਗਾਨਿਸਤਾਨ ਦੇ ਟੀਟੀਪੀ ਦੇ ਅੱਤਵਾਦੀਆਂ 'ਤੇ ਹਵਾਈ ਹਮਲੇ ਕੀਤੇ ਹਨ, ਜਦਕਿ ਪਾਕਿਸਤਾਨ ਦੇ ਅਸ਼ਾਂਤ ਸ਼ਹਿਰਾਂ 'ਚ ਹਾਲ ਹੀ 'ਚ ਹੋਏ ਅੱਤਵਾਦੀ ਹਮਲਿਆਂ ਤੋਂ ਬਾਅਦ ਦੋਵਾਂ ਗੁਆਂਢੀ ਦੇਸ਼ਾਂ ਵਿਚਾਲੇ ਸ਼ਬਦੀ ਜੰਗ ਚੱਲ ਰਹੀ ਹੈ। ਪਾਕਿਸਤਾਨ ਦੇ ਵਿਦੇਸ਼ ਦਫ਼ਤਰ (ਐੱਫ.ਓ.) ਨੇ ਕਿਹਾ ਕਿ ਟੀਟੀਪੀ ਦੇ ਹਾਫਿਜ਼ ਗੁਲ ਬਹਾਦੁਰ ਸਮੂਹ ਨਾਲ ਸਬੰਧਤ ਅੱਤਵਾਦੀਆਂ ਨੇ ਹਮਲਾ ਕੀਤਾ ਹੈ। ਸਮੂਹ ਨੇ ਸ਼ਨੀਵਾਰ ਨੂੰ ਫੌਜ ਦੀ ਇਕ ਚੌਕੀ 'ਤੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ, ਜਿਸ ਵਿਚ ਦੋ ਅਫਸਰਾਂ ਸਮੇਤ ਸੱਤ ਜਵਾਨ ਮਾਰੇ ਗਏ ਸਨ।
ਅਫਗਾਨ ਤਾਲਿਬਾਨ ਨੇ ਕਿਹਾ ਕਿ ਪਾਕਿਸਤਾਨੀ ਹਵਾਈ ਹਮਲਿਆਂ 'ਚ ਤਿੰਨ ਬੱਚਿਆਂ ਸਮੇਤ ਘੱਟੋ-ਘੱਟ ਅੱਠ ਨਾਗਰਿਕ ਮਾਰੇ ਗਏ। ਉਨ੍ਹਾਂ ਨੇ ਕਾਬੁਲ ਸਥਿਤ ਪਾਕਿਸਤਾਨੀ ਦੂਤਾਵਾਸ ਦੇ ਇੰਚਾਰਜ ਰਾਜਦੂਤ ਨੂੰ ਤਲਬ ਕਰਕੇ ਸਖ਼ਤ ਵਿਰੋਧ ਦਰਜ ਕਰਵਾਇਆ। ਜੀਨ-ਪੀਅਰ ਨੇ ਕਿਹਾ ਕਿ ਪਾਕਿਸਤਾਨ ਅਤੇ ਅਫਗਾਨਿਸਤਾਨ ਨੂੰ ਗੱਲਬਾਤ ਰਾਹੀਂ ਆਪਣੇ ਮਤਭੇਦ ਸੁਲਝਾਉਣੇ ਚਾਹੀਦੇ ਹਨ।