ਨਿਊਯਾਰਕ: ਵਿੱਤੀ ਬਿਆਨਾਂ ਨਾਲ ਛੇੜਛਾੜ ਦੇ ਮਾਮਲੇ 'ਚ ਟਰੰਪ ਖਿਲਾਫ ਫੈਸਲਾ ਆਇਆ ਹੈ। ਨਿਊਯਾਰਕ ਦੇ ਇੱਕ ਜੱਜ ਨੇ ਸ਼ੁੱਕਰਵਾਰ ਨੂੰ ਡੋਨਾਲਡ ਟਰੰਪ ਦੇ ਖਿਲਾਫ ਫੈਸਲਾ ਸੁਣਾਇਆ। ਜੱਜ ਨੇ ਟਰੰਪ 'ਤੇ 364 ਮਿਲੀਅਨ ਅਮਰੀਕੀ ਡਾਲਰ ਦਾ ਜੁਰਮਾਨਾ ਲਗਾਇਆ ਹੈ। 90 ਪੰਨਿਆਂ ਦੇ ਫੈਸਲੇ ਮੁਤਾਬਕ ਟਰੰਪ ਨੂੰ ਨਿਊਯਾਰਕ ਰਾਜ ਵਿੱਚ ਕੰਪਨੀ ਦੇ ਡਾਇਰੈਕਟਰ ਵਜੋਂ ਤਿੰਨ ਸਾਲਾਂ ਲਈ ਕੰਮ ਕਰਨ ਤੋਂ ਰੋਕ ਦਿੱਤਾ ਗਿਆ ਹੈ। ਉਨ੍ਹਾਂ ਦੇ ਪੁੱਤਰਾਂ ਡੋਨਾਲਡ ਟਰੰਪ ਜੂਨੀਅਰ ਅਤੇ ਐਰਿਕ ਟਰੰਪ ਨੂੰ ਵੀ 4 ਮਿਲੀਅਨ ਅਮਰੀਕੀ ਡਾਲਰ ਦਾ ਜੁਰਮਾਨਾ ਭਰਨ ਲਈ ਕਿਹਾ ਗਿਆ ਹੈ। ਇਨ੍ਹਾਂ ਦੋਵਾਂ ਨੂੰ ਦੋ ਸਾਲ ਲਈ ਡਾਇਰੈਕਟਰ ਵਜੋਂ ਕੰਮ ਕਰਨ ਤੋਂ ਰੋਕ ਦਿੱਤਾ ਗਿਆ ਹੈ।
ਜੱਜ ਨੇ ਮੰਨਿਆ ਕਿ ਟਰੰਪ ਨੇ ਬੈਂਕਾਂ ਅਤੇ ਹੋਰਾਂ ਨੂੰ ਧੋਖਾ ਦੇਣ ਲਈ ਵਿੱਤੀ ਬਿਆਨਾਂ ਨਾਲ ਛੇੜਛਾੜ ਕੀਤੀ। ਤੁਹਾਨੂੰ ਦੱਸ ਦੇਈਏ ਕਿ ਇਸ ਮਾਮਲੇ ਵਿੱਚ ਟਰੰਪ ਦੇ ਖਿਲਾਫ ਸੁਣਵਾਈ ਕਰੀਬ ਇੱਕ ਸਾਲ ਪਹਿਲਾਂ ਸ਼ੁਰੂ ਹੋਈ ਸੀ। ਜੱਜ ਨੇ ਮੰਨਿਆ ਕਿ ਵਿੱਤੀ ਬਿਆਨਾਂ ਨਾਲ ਜਾਣਬੁੱਝ ਕੇ ਛੇੜਛਾੜ ਕੀਤੀ ਗਈ ਸੀ ਜਿਸ ਨਾਲ ਸਾਬਕਾ ਰਾਸ਼ਟਰਪਤੀ ਦੀ ਦੌਲਤ ਨੂੰ ਵਧਾਉਣ ਵਿੱਚ ਮਦਦ ਮਿਲੀ ਸੀ।
ਆਪਣੇ ਫੈਸਲੇ 'ਚ ਜੱਜ ਨੇ ਟਰੰਪ 'ਤੇ ਤਿੰਨ ਸਾਲ ਤੱਕ ਨਿਊਯਾਰਕ 'ਚ ਕਿਸੇ ਵੀ ਕਾਰਪੋਰੇਸ਼ਨ ਦੇ ਅਧਿਕਾਰੀ ਜਾਂ ਡਾਇਰੈਕਟਰ ਦੇ ਤੌਰ 'ਤੇ ਕੰਮ ਕਰਨ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਜੱਜ ਆਰਥਰ ਐਂਗੋਰੋਨ ਨੇ ਢਾਈ ਮਹੀਨੇ ਦੀ ਸੁਣਵਾਈ ਤੋਂ ਬਾਅਦ ਆਪਣਾ ਫੈਸਲਾ ਸੁਣਾਇਆ। ਰਾਸ਼ਟਰਪਤੀ ਅਹੁਦੇ ਲਈ ਰਿਪਬਲਿਕਨ ਉਮੀਦਵਾਰੀ ਦੀ ਦੌੜ ਵਿੱਚ ਸ਼ਾਮਲ ਟਰੰਪ ਲਈ ਇਸ ਨੂੰ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਦੂਜੇ ਪਾਸੇ ਇਸ ਨੂੰ ਨਿਊਯਾਰਕ ਦੇ ਅਟਾਰਨੀ ਜਨਰਲ ਲੈਟੀਆ ਜੇਮਸ ਦੀ ਜਿੱਤ ਮੰਨਿਆ ਜਾ ਰਿਹਾ ਹੈ, ਜੋ ਕਿ ਡੈਮੋਕਰੇਟਿਕ ਆਗੂ ਵੀ ਹਨ। ਇਹ ਲੈਟੀਆ ਹੀ ਸੀ ਜਿਸ ਨੇ ਟਰੰਪ ਖਿਲਾਫ ਕੇਸ ਦਾਇਰ ਕੀਤਾ ਸੀ।
ਆਪਣੇ ਬਚਾਅ 'ਚ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਕੋਈ ਧੋਖਾਧੜੀ ਨਹੀਂ ਕੀਤੀ ਹੈ, ਸਗੋਂ ਉਹ ਸਿਰਫ਼ ਸ਼ੇਖੀ ਮਾਰ ਰਹੇ ਹਨ। ਇਸ ਦੇ ਨਾਲ ਹੀ ਲੈਟੀਆ ਨੇ ਇਲਜ਼ਾਮ ਲਾਇਆ ਕਿ ਟਰੰਪ ਨੇ ਵਿੱਤੀ ਬਿਆਨਾਂ ਨਾਲ ਛੇੜਛਾੜ ਕਰਕੇ ਆਪਣੀ ਦੌਲਤ ਵਧਾਈ ਹੈ। ਦਸਤਾਵੇਜ਼ਾਂ ਨਾਲ ਛੇੜਛਾੜ ਕਰਕੇ ਬੈਂਕਾਂ ਨੇ ਉਸ ਨੂੰ ਕਰਜ਼ਾ ਦਿੱਤਾ ਜਿਸ ਦੀ ਮਦਦ ਨਾਲ ਉਸ ਨੇ ਸਕਾਈਸਕ੍ਰੈਪਰ, ਗੋਲਫ ਕੋਰਸ ਅਤੇ ਹੋਰ ਜਾਇਦਾਦਾਂ ਦਾ ਬਹੁ-ਰਾਸ਼ਟਰੀ ਭੰਡਾਰ ਬਣਾਇਆ। ਇਹ ਦੌਲਤ ਅਤੇ ਪ੍ਰਸਿੱਧੀ ਉਸ ਨੂੰ ਵ੍ਹਾਈਟ ਹਾਊਸ (ਰਾਸ਼ਟਰਪਤੀ ਦੇ ਅਹੁਦੇ) ਤੱਕ ਲੈ ਗਈ।
ਟਰੰਪ ਦੇ ਵਕੀਲਾਂ ਨੇ ਫੈਸਲੇ ਤੋਂ ਪਹਿਲਾਂ ਹੀ ਕਿਹਾ ਸੀ ਕਿ ਉਹ ਅਪੀਲ ਕਰਨਗੇ। ਲੈਟੀਆ ਜੇਮਜ਼ ਨੇ 2022 ਵਿੱਚ ਇੱਕ ਰਾਜ ਕਾਨੂੰਨ ਦੇ ਤਹਿਤ ਟਰੰਪ 'ਤੇ ਮੁਕੱਦਮਾ ਕੀਤਾ ਸੀ। ਮੁਕੱਦਮੇ ਵਿਚ ਟਰੰਪ ਅਤੇ ਉਸ ਦੇ ਸਹਿ-ਮੁਲਾਇਕਾਂ 'ਤੇ ਇਹ ਭਰਮ ਪੈਦਾ ਕਰਨ ਲਈ ਨਿਯਮਤ ਤੌਰ 'ਤੇ ਆਪਣੇ ਵਿੱਤੀ ਬਿਆਨਾਂ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ। ਇਹ ਵੀ ਇਲਜ਼ਾਮ ਲਾਇਆ ਗਿਆ ਕਿ ਮੁਲਜ਼ਮਾਂ ਨੇ ਆਪਣੀ ਜਾਇਦਾਦ ਦੀ ਕੀਮਤ ਅਸਲ ਮੁਲਾਂਕਣ ਤੋਂ ਵੱਧ ਦੱਸੀ ਹੈ। ਰਾਜ ਦੇ ਵਕੀਲਾਂ ਨੇ ਕਿਹਾ ਕਿ ਟਰੰਪ ਨੇ ਇੱਕ ਸਾਲ ਵਿੱਚ ਆਪਣੀ ਸੰਪਤੀ ਨੂੰ 3.6 ਬਿਲੀਅਨ ਡਾਲਰ ਤੱਕ ਵਧਾ ਦਿੱਤਾ ਹੈ।