ਨਵੀਂ ਦਿੱਲੀ:ਸਾਊਦੀ ਅਰਬ ਦੇ ਪੱਛਮੀ ਖੇਤਰ 'ਚ ਜੀਜ਼ਾਨ ਨੇੜੇ ਇੱਕ ਸੜਕ ਹਾਦਸੇ 'ਚ 9 ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ। ਹਾਦਸੇ ਦੀ ਜਾਣਕਾਰੀ ਦਿੰਦੇ ਹੋਏ ਜੇਦਾਹ ਸਥਿਤ ਭਾਰਤੀ ਵਣਜ ਸਫ਼ਾਰਤਖਾਨੇ ਨੇ ਪ੍ਰਭਾਵਿਤ ਪਰਿਵਾਰਾਂ ਨੂੰ ਪੂਰੀ ਮਦਦ ਦਾ ਭਰੋਸਾ ਦਿੱਤਾ ਅਤੇ ਇਹ ਵੀ ਕਿਹਾ ਹੈ ਕਿ ਉਹ ਸਥਾਨਕ ਅਧਿਕਾਰੀਆਂ ਅਤੇ ਪਰਿਵਾਰਾਂ ਦੇ ਸੰਪਰਕ ਵਿੱਚ ਹੈ।
ਜੇਦਾਹ ਸਥਿਤ ਭਾਰਤੀ ਵਣਜ ਦੂਤਘਰ ਨੇ ਐਕਸ 'ਤੇ ਕਿਹਾ, "ਅਸੀਂ ਸਾਊਦੀ ਅਰਬ ਦੇ ਪੱਛਮੀ ਖੇਤਰ ਵਿਚ ਜੀਜ਼ਾਨ ਨੇੜੇ ਇੱਕ ਸੜਕ ਹਾਦਸੇ ਵਿੱਚ ਨੌਂ ਭਾਰਤੀ ਨਾਗਰਿਕਾਂ ਦੀ ਦੁਖਦਾਈ ਮੌਤ 'ਤੇ ਡੂੰਘਾ ਦੁੱਖ ਪ੍ਰਗਟ ਕਰਦੇ ਹਾਂ।" ਸਫ਼ਾਰਤਖਾਨੇ ਨੇ ਕਿਹਾ ਕਿ ਕੌਂਸਲੇਟ ਪੂਰੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ ਅਤੇ ਅਧਿਕਾਰੀਆਂ ਅਤੇ ਪਰਿਵਾਰਾਂ ਦੇ ਸੰਪਰਕ ਵਿੱਚ ਹੈ। ਦੂਤਾਵਾਸ ਨੇ ਜ਼ਖ਼ਮੀਆਂ ਦੇ ਜਲਦੀ ਠੀਕ ਹੋਣ ਦੀ ਵੀ ਕਾਮਨਾ ਕੀਤੀ ਹੈ ਅਤੇ ਪੁੱਛਗਿੱਛ ਲਈ ਇੱਕ ਹੈਲਪਲਾਈਨ ਸਥਾਪਿਤ ਕੀਤੀ ਹੈ।