ਅੱਜ ਦਾ ਮੁੱਖਵਾਕ
ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧ ੴ ਸਤਿਗੁਰ ਪ੍ਰਸਾਦਿ ॥
ਸੰਤਹੁ ਮਨ ਪਵਨੈ ਸੁਖੁ ਬਨਿਆ ॥ ਕਿਛੁ ਜੋਗੁ ਪਰਾਪਤਿ ਗਨਿਆ ॥ ਰਹਾਉ ॥ ਗੁਰਿ ਦਿਖਲਾਈ ਮੋਰੀ ॥ ਜਿਤੁ ਮਿਰਗ ਪੜਤ ਹੈ ਚੋਰੀ ॥ ਮੁੰਦਿ ਲੀਏ ਦਰਵਾਜੇ ॥ ਬਾਜੀਅਲੇ ਅਨਹਦ ਬਾਜੇ ॥੧॥ ਕੁੰਭ ਕਮਲੁ ਜਲਿ ਭਰਿਆ ॥ ਜਲੁ ਮੇਟਿਆ ਉਭਾ ਕਰਿਆ ॥ ਕਹੁ ਕਬੀਰ ਜਨ ਜਾਨਿਆ ॥ ਜਉ ਜਾਨਿਆ ਤਉ ਮਨੁ ਮਾਨਿਆ ॥२॥१०॥
ਵੀਰਵਾਰ, ੨੭ ਮੱਘਰ (ਸੰਮਤ ੫੫੬ ਨਾਨਕਸ਼ਾਹੀ) ੧੨ ਦਸੰਬਰ, ੨੦੨੪ (ਅੰਗ: ੬੫੬)
ਪੰਜਾਬੀ ਵਿਆਖਿਆ:
ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧
ੴਸਤਿਗੁਰ ਪ੍ਰਸਾਦਿ ॥
ਹੇ ਸੰਤ ਜਨੋ! (ਮੇਰੇ) ਪਉਣ (ਵਰਗੇ ਚੰਚਲ) ਮਨ ਨੂੰ (ਹੁਣ) ਸੁਖ ਮਿਲ ਗਿਆ ਹੈ, (ਹੁਣ ਇਹ ਮਨ ਪ੍ਰਭੂ ਦਾ ਮਿਲਾਪ) ਹਾਸਲ ਕਰਨ ਜੋਗਾ ਥੋੜਾ ਬਹੁਤ ਸਮਝਿਆ ਜਾ ਸਕਦਾ ਹੈ । ਰਹਾਉ। (ਕਿਉਂਕਿ) ਸਤਿਗੁਰੂ ਨੇ (ਮੈਨੂੰ ਮੇਰੀ ਉਹ) ਕਮਜ਼ੋਰੀ ਵਿਖਾ ਦਿੱਤੀ ਹੈ ਜਿਸ ਕਰਕੇ (ਕਾਮਾਦਿਕ) ਪਸ਼ੂ ਅਡੋਲ ਹੀ (ਮੈਨੂੰ) ਆ ਦਬਾਉਂਦੇ ਸਨ; (ਸੋ, ਮੈਂ ਗੁਰੂ ਦੀ ਮਿਹਰ ਨਾਲ ਸਰੀਰ ਦੇ) ਦਰਵਾਜ਼ੇ (ਗਿਆਨ-ਇੰਦੇ : ਪਰ ਨਿੰਦਾ, ਪਰ ਤਨ, ਪਰ ਧਨ ਆਦਿਕ ਵਲੋਂ) ਬੰਦ ਕਰ ਲਏ ਹਨ ਤੇ (ਮੇਰੇ ਅੰਦਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ) ਵਾਜੇ ਇੱਕ-ਰਸ ਵੱਜਣ ਲੱਗ ਪਏ ਹਨ ।੧। (ਮੇਰਾ) ਹਿਰਦਾ-ਕਮਲ ਰੂਪ ਘੜਾ (ਪਹਿਲਾਂ ਵਿਕਾਰਾਂ ਦੇ) ਪਾਣੀ ਨਾਲ ਭਰਿਆ ਹੋਇਆ ਸੀ, (ਹੁਣ ਗੁਰੂ ਦੀ ਬਰਕਤਿ ਨਾਲ ਮੈਂ ਉਹ) ਪਾਣੀ ਡੋਲ੍ਹ ਦਿੱਤਾ ਹੈ ਤੇ (ਹਿਰਦੇ ਨੂੰ) ਉੱਚਾ ਕਰ ਦਿੱਤਾ ਹੈ । ਹੇ ਦਾਸ ਕਬੀਰ! (ਹੁਣ) ਆਖ-ਮੈਂ (ਪ੍ਰਭੂ ਨਾਲ) ਜਾਣ-ਪਛਾਣ ਕਰ ਲਈ ਹੈ, ਤੇ ਜਦੋਂ ਤੋਂ ਇਹ ਸਾਂਝ ਪਾਈ ਹੈ, ਮੇਰਾ ਮਨ (ਉਸ ਪ੍ਰਭੂ ਵਿਚ ਹੀ) ਗਿੱਝ ਗਿਆ ਹੈ ।੨।੧੦।