ਹੈਦਰਾਬਾਦ: ਅੱਜ ਦੇ ਸਮੇਂ 'ਚ ਹਰ ਕੋਈ ਚਾਹ ਪੀਣਾ ਪਸੰਦ ਕਰਦਾ ਹੈ। ਜ਼ਿਆਦਾਤਰ ਲੋਕਾਂ ਦੀ ਚਾਹ ਤੋਂ ਬਿਨ੍ਹਾਂ ਸਵੇਰ ਦੀ ਸ਼ੁਰੂਆਤ ਹੀ ਨਹੀਂ ਹੁੰਦੀ ਹੈ। ਅੱਜ ਦਾ ਦਿਨ ਚਾਹ ਨੂੰ ਸਮਰਪਿਤ ਕੀਤਾ ਗਿਆ ਹੈ। ਹਰ ਸਾਲ 21 ਮਈ ਨੂੰ ਦੁਨੀਆਂ ਭਰ 'ਚ ਅੰਤਰਰਾਸ਼ਟਰੀ ਚਾਹ ਦਿਵਸ ਮਨਾਇਆ ਜਾਂਦਾ ਹੈ। ਚਾਹ ਦੀ ਖੇਤੀ ਕਈ ਸਾਰੇ ਦੇਸ਼ਾਂ 'ਚ ਰੋਜ਼ੀ-ਰੋਟੀ ਦਾ ਮੁੱਖ ਸਾਧਨ ਹੈ। ਇਸ ਦਿਨ ਦਾ ਉਦੇਸ਼ ਲੋਕਾਂ ਨੂੰ ਚਾਹ ਪੀਣ ਦੇ ਫਾਇਦੇ ਦੱਸਣ ਦੇ ਨਾਲ ਹੀ ਚਾਹ ਦੀ ਖਪਤ ਨੂੰ ਵਧਾਉਣਾ ਵੀ ਹੈ। ਦੱਸ ਦਈਏ ਕਿ ਅਸਾਮ ਭਾਰਤ ਦਾ ਪਹਿਲਾ ਰਾਜ ਸੀ, ਜਿੱਥੇ ਚਾਹ ਦੇ ਬਾਗ ਲਗਾਏ ਗਏ ਸੀ।
ਅੰਤਰਰਾਸ਼ਟਰੀ ਚਾਹ ਦਿਵਸ ਦਾ ਇਤਿਹਾਸ:ਅੰਤਰਰਾਸ਼ਟਰੀ ਚਾਹ ਦਿਵਸ ਨੂੰ ਸਾਲ 2005 ਤੋਂ ਮਨਾਇਆ ਜਾ ਰਿਹਾ ਹੈ। ਦੱਸ ਦਈਏ ਕਿ ਪਹਿਲਾ ਇਹ ਦਿਨ 15 ਦਸੰਬਰ ਨੂੰ ਮਨਾਇਆ ਜਾਂਦਾ ਸੀ। ਸਾਲ 2015 'ਚ ਸੰਯੁਕਤ ਰਾਸ਼ਟਰ ਦੇ ਖੁਰਾਕ ਅਤੇ ਖੇਤੀਬਾੜੀ ਸੰਗਠਨ ਨੇ ਅਧਿਕਾਰਤ ਤੌਰ 'ਤੇ ਸੰਯੁਕਤ ਰਾਸ਼ਟਰ ਵਿੱਚ ਅੰਤਰਰਾਸ਼ਟਰੀ ਚਾਹ ਦਿਵਸ ਮਨਾਉਣ ਦਾ ਪ੍ਰਸਤਾਵ ਦਿੱਤਾ ਸੀ, ਜਿਸਨੂੰ 21 ਦਸੰਬਰ 2019 ਨੂੰ ਮਾਨਤਾ ਦਿੱਤੀ ਗਈ ਸੀ ਅਤੇ 21 ਮਈ ਨੂੰ ਅੰਤਰਰਾਸ਼ਟਰੀ ਚਾਹ ਦਿਵਸ ਮਨਾਉਣ ਦਾ ਐਲਾਨ ਕੀਤਾ ਗਿਆ ਸੀ। 21 ਮਈ 2020 ਨੂੰ ਪਹਿਲੀ ਵਾਰ ਅੰਤਰਰਾਸ਼ਟਰੀ ਚਾਹ ਦਿਵਸ ਮਨਾਇਆ ਗਿਆ ਸੀ ਅਤੇ ਉਦੋ ਤੋਂ ਹਰ ਸਾਲ ਇਹ ਦਿਨ ਮਨਾਇਆ ਜਾਂਦਾ ਹੈ।