ਹੈਦਰਾਬਾਦ: ਹਾਲ ਹੀ ਵਿੱਚ ਵਿਸ਼ਵ ਸਿਹਤ ਸੰਗਠਨ ਨੇ ਭਾਰਤ ਦੇ ਪੱਛਮੀ ਬੰਗਾਲ ਰਾਜ ਵਿੱਚ ਬਰਡ ਫਲੂ ਵਾਇਰਸ ਦੇ ਇੱਕ ਮਾਮਲੇ ਦੀ ਪੁਸ਼ਟੀ ਕੀਤੀ ਹੈ। ਇੱਕ ਚਾਰ ਸਾਲ ਦਾ ਬੱਚਾ ਇਸ ਬਿਮਾਰੀ ਤੋਂ ਪੀੜਤ ਹੈ। ਜਾਣਕਾਰੀ ਅਨੁਸਾਰ, ਭਾਰਤ 'ਚ ਸਾਲ 2019 'ਚ ਪਹਿਲੀ ਵਾਰ ਇਹ ਇਨਫੈਕਸ਼ਨ ਮਨੁੱਖਾਂ 'ਚ ਪਾਈ ਗਈ ਸੀ। WHO ਨੇ ਜਾਣਕਾਰੀ ਦਿੱਤੀ ਹੈ ਕਿ ਇਸ ਬੱਚੇ ਨੂੰ ਫਰਵਰੀ ਦੇ ਮਹੀਨੇ ਸਾਹ ਦੀ ਬਿਮਾਰੀ ਅਤੇ ਤੇਜ਼ ਬੁਖਾਰ ਕਾਰਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਬੱਚੇ ਦਾ ਇਲਾਜ ਕਰੀਬ ਤਿੰਨ ਮਹੀਨੇ ਚੱਲਿਆ ਅਤੇ ਬਿਮਾਰੀ ਦਾ ਪਤਾ ਲੱਗਣ ਅਤੇ ਇਲਾਜ ਕਰਨ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ।
ਬਰਡ ਫਲੂ ਦੇ ਲੱਛਣਾਂ ਦੀ ਗੱਲ ਕਰੀਏ, ਤਾਂ ਇਸ ਚਾਰ ਸਾਲ ਦੇ ਬੱਚੇ ਨੇ ਪੇਟ ਵਿੱਚ ਕੜਵੱਲ ਦੀ ਸ਼ਿਕਾਇਤ ਕੀਤੀ ਸੀ। ਬੱਚੇ ਵਿੱਚ ਇਸ ਵਾਇਰਸ ਦੀ ਲਾਗ ਦਾ ਕਾਰਨ ਘਰ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਸੂਰ ਪਾਲਣ ਦਾ ਧੰਦਾ ਦੱਸਿਆ ਜਾ ਰਿਹਾ ਹੈ।
ਬਰਡ ਫਲੂ ਕੀ ਹੈ?:ਯੂਐਸ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਬਰਡ ਫਲੂ ਦੀ ਲਾਗ ਨੂੰ ਏਵੀਅਨ ਇਨਫਲੂਐਂਜ਼ਾ ਟਾਈਪ ਏ ਵਾਇਰਸ ਕਾਰਨ ਹੋਣ ਵਾਲੀ ਲਾਗ ਦੱਸਿਆ ਹੈ। ਇਹ ਜੰਗਲੀ ਜਲ-ਪੰਛੀਆਂ, ਘਰੇਲੂ ਮੁਰਗੀਆਂ, ਹੋਰ ਪੰਛੀਆਂ ਅਤੇ ਜਾਨਵਰਾਂ ਦੀਆਂ ਕਿਸਮਾਂ ਕਾਰਨ ਹੁੰਦੀ ਹੈ। ਹਾਲਾਂਕਿ, ਬਰਡ ਫਲੂ ਦੀ ਲਾਗ ਮਨੁੱਖਾਂ ਵਿੱਚ ਵੀ ਹੋ ਸਕਦੀ ਹੈ ਅਤੇ ਅਜਿਹਾ ਮਾਮਲਾ ਪਹਿਲਾਂ ਵੀ ਸਾਹਮਣੇ ਆ ਚੁੱਕਾ ਹੈ।