ਚੰਡੀਗੜ੍ਹ: ਆਸਟ੍ਰੇਲੀਆਂ ਵਿਖੇ ਪਹਿਲੇ ਸ਼ੂਟਿੰਗ ਸ਼ੈਡਿਊਲ ਅਧੀਨ ਫਿਲਮਾਈ ਗਈ ਪੰਜਾਬੀ ਫਿਲਮ 'ਮੇਰਾ ਕਾਲੇ ਰੰਗ ਦਾ ਯਾਰ' ਹੁਣ ਪੰਜਾਬ ਵਿੱਚ ਆਖਰੀ ਪੜਾਅ ਦੇ ਸ਼ੂਟ ਵੱਲ ਵੱਧ ਚੁੱਕੀ ਹੈ, ਜਿਸ ਦਾ ਨਿਰਦੇਸ਼ਨ ਹਰਜੋਤ ਸਿੰਘ ਕਰ ਰਹੇ ਹਨ, ਜੋ ਇਸ ਅਰਥ-ਭਰਪੂਰ ਫਿਲਮ ਨਾਲ ਪਾਲੀਵੁੱਡ 'ਚ ਅਪਣੀ ਪ੍ਰਭਾਵੀ ਅਤੇ ਪਲੇਠੀ ਪਾਰੀ ਦਾ ਅਗਾਜ਼ ਕਰਨ ਜਾ ਰਹੇ ਹਨ।
'ਫਿਲਮੀ ਲੋਕ' ਅਤੇ 'ਐਸ ਐਂਡ ਐਚ ਫਿਲਮਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਖੂਬਸੂਰਤ ਫਿਲਮ ਦਾ ਲੇਖਨ ਸੁਰਿੰਦਰ ਅੰਗੁਰਾਲ ਕਰ ਰਹੇ ਹਨ, ਜੋ ਇਸ ਤੋਂ ਪਹਿਲਾਂ ਕਈ ਬਹੁ-ਚਰਚਿਤ ਅਤੇ ਪ੍ਰਭਾਵਪੂਰਨ ਪੰਜਾਬੀ ਫਿਲਮਾਂ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ।
ਪਰਿਵਾਰਿਕ ਡਰਾਮਾ ਅਤੇ ਇਮੋਸ਼ਨਲ ਸੰਗੀਤਮਈ ਪ੍ਰੇਮ ਕਹਾਣੀ ਅਧਾਰਿਤ ਇਸ ਫਿਲਮ ਦੁਆਰਾ ਦੋ ਨਵੇਂ ਚਿਹਰੇ ਹਰਸਿਮਰਨ ਅਤੇ ਨਾਇਕਰਾ ਕੌਰ ਪੰਜਾਬੀ ਸਿਨੇਮਾ ਵਿਹੜੇ ਪ੍ਰਭਾਵੀ ਦਸਤਕ ਦੇਣ ਜਾ ਰਹੇ ਹਨ, ਜਿੰਨ੍ਹਾਂ ਤੋਂ ਇਲਾਵਾ ਸੁਖਵਿੰਦਰ ਚਾਹਲ, ਇਫਤਖਾਰ ਠਾਕੁਰ, ਜਤਿੰਦਰ ਕੌਰ, ਸਤਵੰਤ ਕੌਰ, ਜਸ਼ਨਜੀਤ ਗੋਸ਼ਾ, ਸੁੱਖੀ ਬਲ ਵੀ ਮਹੱਤਵਪੂਰਨ ਕਿਰਦਾਰਾਂ ਵਿੱਚ ਨਜ਼ਰ ਆਉਣਗੇ।