ਚੰਡੀਗੜ੍ਹ: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬਹੁਤ ਸਾਰੇ ਗੀਤ ਇੱਕ ਕੁੜੀ ਨੂੰ ਲੁਭਾਉਣ ਦੀ ਕੋਸ਼ਿਸ਼ ਅਤੇ ਇੱਕ ਪ੍ਰੇਮੀ ਦੀਆਂ ਭਾਵਨਾਵਾਂ ਜ਼ਾਹਿਰ ਕਰਦੇ ਹਨ। ਦੂਜੇ ਪਾਸੇ ਹਰ ਪੰਜਾਬੀ ਗੀਤ ਵਿੱਚ ਪ੍ਰੇਮੀ ਜਾਂ ਕਹਿ ਲੋ ਆਸ਼ਿਕ ਆਪਣੀ ਪ੍ਰੇਮਿਕਾ ਦੇ ਕੱਪੜਿਆਂ ਦੀ ਤਾਰੀਫ਼ ਕਰਦਾ ਨਜ਼ਰ ਆਉਂਦਾ ਹੈ, ਹੁਣ ਇਥੇ ਅਸੀਂ ਅਜਿਹੇ ਗੀਤਾਂ ਦੀ ਲਿਸਟ ਲੈ ਕੇ ਆਏ ਹਾਂ, ਜੋ ਔਰਤਾਂ ਦੇ ਕੱਪੜਿਆਂ ਉਤੇ ਆਧਾਰਿਤ ਹਨ, ਆਓ ਸਰਸਰੀ ਨਜ਼ਰ ਮਾਰੀਏ...।
ਲਹਿੰਗਾ: ਸਾਨੂੰ ਪੂਰਾ ਵਿਸ਼ਵਾਸ ਹੈ ਕਿ ਹਰ ਭਾਰਤੀ ਨੇ ਜੱਸ ਮਾਣਕ ਦਾ ਗੀਤ ‘ਲਹਿੰਗਾ’ ਇੰਨੀ ਜਿਆਦਾ ਵਾਰ ਸੁਣਿਆ ਹੋਵੇਗਾ ਕਿ ਇਹ ਗੀਤ ਹਰ ਕਿਸੇ ਦੀ ਜ਼ੁਬਾਨ ਉਤੇ ਹੋਵੇਗਾ। ਗੀਤ ਵਿੱਚ ਕੁੜੀ ਨੇ ਮੁੰਡੇ ਤੋਂ ਡਿਜ਼ਾਈਨਰ ਲਹਿੰਗਾ ਮੰਗਣ ਦੀ ਗੱਲ ਕੀਤੀ ਹੈ। ਇਸ ਦੇ ਨਾਲ ਹੀ ਕੁੜੀ ਨੇ ਉਸ ਨੂੰ ਉਸ ਦੇ ਪੈਸਿਆਂ ਲਈ ਤਾਅਨੇ ਵੀ ਮਾਰੇ ਹਨ। ਇਸ ਗੀਤ ਦੀਆਂ ਧੁਨਾਂ ਕਿਸੇ ਨੂੰ ਵੀ ਨੱਚਣ ਲਈ ਮਜ਼ਬੂਰ ਕਰ ਸਕਦੀਆਂ ਹਨ। ਚਾਰ ਸਾਲ ਪਹਿਲਾਂ ਰਿਲੀਜ਼ ਹੋਏ ਇਸ ਗੀਤ ਨੂੰ ਹੁਣ ਤੱਕ ਬਿਲੀਅਨ ਵਿੱਚ ਵਿਊਜ਼ ਪ੍ਰਾਪਤ ਹੋਏ ਹਨ।
ਸ਼ਰਾਰਾ:ਤਿੰਨ ਸਾਲ ਪਹਿਲਾਂ ਰਿਲੀਜ਼ ਹੋਇਆ ਗੀਤ 'ਸ਼ਰਾਰਾ' ਹਰ ਪੰਜਾਬੀ ਵਿਆਹ ਵਿੱਚ ਵੱਜਦਾ ਹੈ, ਸ਼ਿਵਜੋਤ ਦਾ 'ਸ਼ਰਾਰਾ' ਹਰ ਪਾਸੇ ਸੁਣਿਆ ਜਾ ਸਕਦਾ ਹੈ। ਇਸ ਗੀਤ ਦੀਆਂ ਧੁਨਾਂ ਕਿਸੇ ਦਾ ਵੀ ਧਿਆਨ ਖਿੱਚ ਸਕਦੀਆਂ ਹਨ, ਫਿਰ ਭਾਵੇਂ ਉਸ ਨੂੰ ਪੰਜਾਬੀ ਆਉਂਦੀ ਹੋਵੇ ਜਾਂ ਨਹੀਂ। ਇਸ ਗੀਤ ਨੂੰ ਹੁਣ ਤੱਕ 274 ਮਿਲੀਅਨ ਵਿਊਜ਼ ਮਿਲ ਚੁੱਕੇ ਹਨ।
ਪਲਾਜ਼ੋ:ਸ਼ਿਵਜੋਤ ਦਾ ਇੱਕ ਹੋਰ ਗੀਤ ਹੈ, ਜਿਸ ਨੇ ਇਸ ਲਿਸਟ ਵਿੱਚ ਥਾਂ ਬਣਾਈ ਹੈ। ਗੀਤ ਦੇ ਬੋਲ..."ਜੇ ਤਿੰਨ ਚਾਰ ਗੱਬਰੂ ਹਲਾਕ ਕੀਤੇ ਨਾ, ਫਾਇਦਾ ਕੀ ਪਲਾਜ਼ੋ ਪਾ ਕੇ ਨਿਕਲੀ ਦਾ?" ਭਾਵੇਂ ਕਿ ਕੁੜੀਆਂ ਦੇ ਸੁੰਦਰ ਪਹਿਰਾਵੇ ਦਾ ਇਹ ਕਾਰਨ ਨਹੀਂ ਹੈ, ਪਰ ਫਿਰ ਵੀ ਇਸ ਗੀਤ ਦੇ ਬੋਲਾਂ ਨੇ ਹਰ ਭਾਰਤੀ ਦੇ ਦਿਲ ਉਤੇ ਕਬਜ਼ਾ ਕੀਤਾ ਹੈ। ਗੀਤ ਨੂੰ ਹੁਣ ਤੱਕ 282 ਮਿਲੀਅਨ ਵਿਊਜ਼ ਮਿਲ ਚੁੱਕੇ ਹਨ।
ਸੂਟ:ਮਸ਼ਹੂਰ ਪੰਜਾਬੀ ਗੀਤਾਂ ਦੀ ਗੱਲ ਕਰੀਏ ਤਾਂ ਸਟਾਰ ਗਾਇਕ ਗੁਰੂ ਰੰਧਾਵਾ ਨੂੰ ਕਿਵੇਂ ਭੁੱਲ ਸਕਦੇ ਹਾਂ। ਗਾਇਕ ਦੇ ਗੀਤ ' ਤੈਨੂੰ ਸੂਟ ਸ਼ੂਟ ਕਰਦਾ' ਨੂੰ ਇੰਨੇ ਰੀਮਿਕਸ ਮਿਲ ਗਏ ਕਿ ਇਸ ਨੂੰ ਸੁਣਨਾ ਕੌਣ ਪਸੰਦ ਨਹੀਂ ਕਰਦਾ? ਇਸ ਗੀਤ ਵਿੱਚ ਬੀਟ ਦੇ ਨਾਲ ਮਜ਼ੇਦਾਰ ਗੱਲ ਇਹ ਹੈ ਕਿ ਗੁਰੂ ਨੇ ਸਿਰਫ਼ ਸੂਟ ਹੀ ਨਹੀਂ ਬਲਕਿ ਹਰ ਕਿਸਮ ਦੇ ਔਰਤ ਪਹਿਰਾਵੇ ਦਾ ਜ਼ਿਕਰ ਕੀਤਾ ਹੈ। ਇਸ ਗੀਤ ਨੂੰ ਹੁਣ ਤੱਕ 534 ਮਿਲੀਅਨ ਵਿਊਜ਼ ਮਿਲ ਚੁੱਕੇ ਹਨ।
ਸੂਟ ਪੰਜਾਬੀ: 'ਲਹਿੰਗਾ' ਫੇਮ ਜੱਸ ਮਾਣਕ ਦਾ 'ਸੂਟ ਪੰਜਾਬੀ' ਇੱਕ ਹੋਰ ਅਜਿਹਾ ਗੀਤ ਹੈ, ਜਿਸ ਦਾ ਜ਼ਿਕਰ ਕਰਨਾ ਇੱਥੇ ਬਣਦਾ ਹੈ। ਇਹ ਇੱਕ ਵੱਖਰੀ ਕਿਸਮ ਦਾ ਗੀਤ ਹੈ, ਗੀਤ ਵਿੱਚ ਸੂਟ ਪਹਿਨਣ ਵਾਲੀ ਕੁੜੀ ਦੀ ਕਾਫੀ ਤਾਰੀਫ਼ ਕੀਤੀ ਗਈ ਹੈ। ਗੀਤ ਦਾ ਸੰਗੀਤ ਪ੍ਰਸ਼ੰਸਕਾਂ ਨੂੰ ਕਾਫੀ ਖਿੱਚਣ ਵਿੱਚ ਸਫ਼ਲ ਰਿਹਾ ਹੈ। ਗੀਤ ਨੂੰ ਹੁਣ ਤੱਕ 307 ਮਿਲੀਅਨ ਵਿਊਜ਼ ਮਿਲ ਚੁੱਕੇ ਹਨ।
ਪਲਾਜ਼ੋ 2:ਸ਼ਿਵਜੋਤ ਦੇ ਬਹੁਤੇ ਗੀਤ ਔਰਤਾਂ ਦੇ ਕੱਪੜਿਆਂ ਨੂੰ ਲੈ ਕੇ ਹੀ ਹਨ, ਕਹਿਣ ਦਾ ਮਤਲਬ ਹੈ ਕਿ ਉਸ ਦੇ ਸਾਰੇ ਗੀਤ 'ਔਰਤਾਂ ਦੇ ਕੱਪੜਿਆਂ' ਦੀ ਸ਼੍ਰੇਣੀ ਦੇ ਇਰਦ-ਗਿਰਦ ਆਉਂਦੇ ਹਨ ਅਤੇ ਬਹੁਤ ਹਿੱਟ ਵੀ ਹਨ। ਇਸ ਗੀਤ ਦੇ ਬੋਲ ਅਤੇ ਬੀਟ ਸਭ ਨੂੰ ਆਪਣੇ ਵੱਲ ਖਿੱਚਣ ਦਾ ਕੰਮ ਕਰਦੇ ਹਨ। ਉਲੇਖਯੋਗ ਹੈ ਕਿ ਇਸ ਲਿਸਟ ਵਿੱਚ ਅਸੀਂ ਸਾਰੇ ਗੀਤ ਸ਼ਾਮਿਲ ਨਹੀਂ ਕਰ ਪਾਏ ਹਾਂ, ਇਸ ਤੋਂ ਇਲਾਵਾ ਹੋਰ ਵੀ ਕਾਫੀ ਸਾਰੇ ਗੀਤ ਪੰਜਾਬੀ ਕੱਪੜਿਆਂ ਉਤੇ ਆਧਾਰਿਤ ਹਨ।