ਚੰਡੀਗੜ੍ਹ: ਓਟੀਟੀ ਪਲੇਟਫਾਰਮ ਨੈੱਟਫਲਿਕਸ ਦੀ ਬਹੁ-ਚਰਚਿਤ ਰਹੀ ਵੈੱਬ ਸੀਰੀਜ਼ 'ਯੇ ਕਾਲੀ ਕਾਲੀ ਆਂਖੇਂ' ਆਪਣੇ ਦੂਸਰੇ ਸੀਜ਼ਨ ਵਿੱਚ ਪ੍ਰਵੇਸ਼ ਕਰਨ ਜਾ ਰਹੀ ਹੈ, ਜਿਸ ਦੇ ਕੁਝ ਵਿਸ਼ੇਸ਼ ਹਿੱਸੇ ਦੀ ਸ਼ੂਟਿੰਗ ਪੰਜਾਬ ਦੇ ਰਜਵਾੜਾਸ਼ਾਹੀ ਜ਼ਿਲ੍ਹੇ ਪਟਿਆਲਾ ਦੀ ਵੱਖ-ਵੱਖ ਲੋਕੇਸ਼ਨਜ਼ ਉਪਰ ਸੰਪੂਰਨ ਕਰ ਲਈ ਗਈ ਹੈ।
ਬਾਲੀਵੁੱਡ ਦੀ ਨਾਮੀ ਗਿਰਾਮੀ ਸ਼ਖਸ਼ੀਅਤ ਸਿਧਾਰਥ ਸੇਨ ਗੁਪਤਾ ਦੁਆਰਾ ਬਣਾਈ ਅਤੇ ਨਿਰਦੇਸ਼ਤ ਕੀਤੀ ਉਕਤ ਰੋਮਾਂਟਿਕ-ਅਪਰਾਧ-ਥ੍ਰਿਲਰ ਕਹਾਣੀਸਾਰ ਆਧਾਰਿਤ ਹੈ, ਜਿਸ ਵਿੱਚ ਤਾਹਿਰ ਰਾਜ ਭਸੀਨ, ਸ਼ਵੇਤਾ ਤ੍ਰਿਪਾਠੀ, ਆਂਚਲ ਸਿੰਘ, ਸੌਰਭ ਸ਼ੁਕਲਾ, ਸੂਰਿਆ ਸ਼ਰਮਾ, ਬ੍ਰਿਜੇਂਦਰ ਕਾਲਾ, ਸ਼ੁਭਾਕਰ ਦਾਸ, ਕੈਲਾਸ਼ ਕੁਮਾਰ, ਪ੍ਰਾਖਰ ਸਕਸੈਨਾ, ਰਾਹੁਲ ਗੁਲਾਟੀ, ਨਿਸ਼ਾਦ ਰਾਣਾ, ਵਿਪੁਲ ਸਚਦੇਵਾ, ਭਾਨੂ ਜੋਸ਼ੀ, ਸੁਨੀਤਾ ਰਾਜਵਾਰ, ਸੂਰਿਆ ਸ਼ਰਮਾ, ਵਿਕਰਾਂਤ ਕੌਡਲ, ਆਸਿਫ ਸੇਖ ਆਦਿ ਵੱਲੋਂ ਲੀਡਿੰਗ ਭੂਮਿਕਾਵਾਂ ਅਦਾ ਕੀਤੀਆਂ ਜਾ ਰਹੀਆਂ ਹਨ।
ਹਾਲੀਆ ਪਹਿਲੇ ਸੀਜ਼ਨ ਦੀ ਸ਼ਾਨਦਾਰ ਸਫਲਤਾ ਨੂੰ ਮੁੜ ਦੁਹਰਾਉਣ ਜਾ ਰਹੀ ਉਕਤ ਵੈੱਬ ਸੀਰੀਜ਼ ਦੀ ਪਟਿਆਲਾ ਵਿਖੇ ਕੀਤੀ ਗਈ ਸ਼ੂਟਿੰਗ ਵਿੱਚ ਸੌਰਭ ਸ਼ੁਕਲਾ, ਬ੍ਰਿਜੇਂਦਰ ਕਾਲਾ ਸਮੇਤ ਬਾਲੀਵੁੱਡ ਅਤੇ ਇਸ ਵੱਡੀ ਵੈੱਬ ਸੀਰੀਜ਼ ਨਾਲ ਜੁੜੇ ਕਈ ਨਾਮਵਰ ਚਿਹਰਿਆਂ ਨੇ ਭਾਗ ਲਿਆ, ਜਿਸ ਦੌਰਾਨ ਇੰਨਾਂ ਸਾਰਿਆਂ ਦਿੱਗਜ ਐਕਟਰਜ਼ ਨਾਲ ਕਈ ਅਹਿਮ ਦ੍ਰਿਸ਼ਾਂ ਦਾ ਫਿਲਮਾਂਕਣ ਪੂਰਾ ਕੀਤਾ ਗਿਆ ਹੈ।