ਚੰਡੀਗੜ੍ਹ:ਭਾਜਪਾ ਆਗੂ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦਾ ਵਿਵਾਦਾਂ ਨਾਲ ਪੁਰਾਣਾ ਰਿਸ਼ਤਾ ਰਿਹਾ ਹੈ, ਕੰਗਨਾ ਆਏ ਦਿਨ ਵਿਵਾਦਾਂ ਨੂੰ ਲੈ ਕੇ ਚਰਚਾ ਵਿੱਚ ਬਣੀ ਰਹਿੰਦੀ ਹੈ। ਹੁਣ ਤਾਜ਼ਾ ਮਾਮਲਾ ਚੰਡੀਗੜ੍ਹ ਏਅਰਪੋਰਟ ਉਤੇ ਸੀਆਈਐੱਸਐੱਫ ਦੀ ਕਾਂਸਟੇਬਲ ਦਾ ਕੰਗਨਾ ਨੂੰ ਥੱਪੜ ਮਾਰਨਾ ਹੈ।
ਦਰਅਸਲ, ਕੰਗਨਾ ਹਾਲ ਹੀ ਵਿੱਚ ਮੰਡੀ ਹਿਮਾਚਲ ਪ੍ਰਦੇਸ਼ ਤੋਂ ਭਾਜਪਾ ਦੀ ਸੰਸਦ ਮੈਂਬਰ ਵਜੋਂ ਚੁਣੀ ਗਈ ਹੈ, ਹੁਣ ਕੰਗਨਾ ਨੇ ਉਦੋਂ ਆਪਣੇ ਆਪ ਨੂੰ ਇੱਕ ਵਿਵਾਦ ਵਿੱਚ ਪਾਇਆ ਜਦੋਂ ਇੱਕ CISF ਕਾਂਸਟੇਬਲ ਨੇ ਚੰਡੀਗੜ੍ਹ ਹਵਾਈ ਅੱਡੇ 'ਤੇ ਕਥਿਤ ਤੌਰ 'ਤੇ ਉਸ ਨੂੰ ਥੱਪੜ ਮਾਰ ਦਿੱਤਾ, ਹਾਲਾਂਕਿ ਬਾਅਦ ਵਿੱਚ ਕਾਂਸਟੇਬਲ ਨੇ ਇਸ ਘਟਨਾ ਦਾ ਕਾਰਨ ਕਿਸਾਨੀ ਅੰਦੋਲਨ ਦੌਰਾਨ ਕੰਗਨਾ ਦੇ ਬਿਆਨ ਨੂੰ ਦੱਸਿਆ।
ਅਦਾਕਾਰਾ ਹੁਣ ਆਪਣੀ ਘਟਨਾ ਨੂੰ ਸਾਂਝਾ ਕਰਨ ਲਈ ਅੱਗੇ ਆਈ ਹੈ ਅਤੇ ਇਹ ਦਾਅਵਾ ਕਰ ਰਹੀ ਹੈ ਕਾਂਸਟੇਬਲ ਨੇ ਜਾਣਬੁੱਝ ਕੇ ਖਾਲਿਸਤਾਨੀ ਸ਼ੈਲੀ ਦੀ ਯਾਦ ਦਿਵਾਉਣ ਵਾਲੇ ਤਰੀਕੇ ਨਾਲ ਪਹਿਲਾਂ ਉਸਦਾ ਰਸਤਾ ਪਾਰ ਕਰਨ ਦੀ ਉਡੀਕ ਕੀਤੀ ਸੀ।
ਪੰਜਾਬੀਆਂ ਨਾਲ ਕੰਗਨਾ ਦੇ ਵਿਵਾਦ: ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਹੈ ਕਿ ਕਿਸਾਨੀ ਮੁੱਦੇ ਉਤੇ ਕੰਗਨਾ ਨੂੰ ਘੇਰਿਆ ਗਿਆ ਹੋਵੇ। ਇਸ ਤੋਂ ਪਹਿਲਾਂ ਕੰਗਨਾ ਨੂੰ ਕਿਸਾਨ ਯੂਨੀਅਨਾਂ ਨੇ ਕੀਰਤਪੁਰ ਸਾਹਿਬ ਦੋ ਘੰਟੇ ਤੱਕ ਘੇਰੀ ਰੱਖਿਆ ਸੀ। ਇਸ ਤੋਂ ਪਹਿਲਾਂ ਅਦਾਕਾਰਾ ਗਲੋਬਲ ਸਟਾਰ ਦਿਲਜੀਤ ਦੁਸਾਂਝ ਅਤੇ ਗਾਇਕ ਸ਼ੁਭ ਨਾਲ ਵੀ ਸ਼ਬਦੀ ਜੰਗ ਕਰ ਹਟੀ ਹੈ।