ਚੰਡੀਗੜ੍ਹ:ਹਿੰਦੀ ਸਿਨੇਮਾ ਦੇ ਰੀਅਲ ਹੀਰੋ ਵਜੋਂ ਸ਼ੁਮਾਰ ਕਰਵਾਉਂਦੇ ਸੰਨੀ ਦਿਓਲ ਇੱਕ ਹੋਰ ਪ੍ਰਭਾਵੀ ਸਿਨੇਮਾ ਪਾਰੀ ਲਈ ਪੂਰੀ ਤਰ੍ਹਾਂ ਤਿਆਰ ਹਨ, ਜੋ ਆਉਣ ਵਾਲੀਆਂ ਕਈ ਵੱਡੀਆਂ ਫਿਲਮਾਂ ਵਿੱਚ ਮੁੜ ਅਪਣੇ ਸ਼ਾਨਦਾਰ ਐਕਸ਼ਨ ਰੂਪ ਦਾ ਅਹਿਸਾਸ ਦਰਸ਼ਕਾਂ ਨੂੰ ਕਰਵਾਉਣ ਜਾ ਰਹੇ ਹਨ।
ਹਾਲੀਆ ਰਿਲੀਜ਼ ਫਿਲਮ 'ਗਦਰ 2' ਦੀ ਸੁਪਰ ਸਫਲਤਾ ਨੇ ਸੰਨੀ ਦਿਓਲ ਦੇ ਇਸ ਤੋਂ ਪਹਿਲਾਂ ਮੱਧਮ ਚਾਲੇ ਅੱਗੇ ਵੱਧ ਰਹੇ ਸਿਨੇਮਾ ਸਫ਼ਰ ਨੂੰ ਤੇਜ਼ ਗਤੀ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਜਿਸ ਨਾਲ ਬਾਲੀਵੁੱਡ ਦੇ ਅਤਿ ਮਸ਼ਰੂਫ ਸਟਾਰਾਂ ਵਿੱਚ ਅੱਜਕੱਲ੍ਹ ਅਪਣੀ ਮੌਜ਼ੂਦਗੀ ਦਰਜ ਕਰਵਾ ਰਹੇ ਹਨ ਇਹ ਬਿਹਤਰੀਨ ਐਕਟਰ, ਜਿੰਨ੍ਹਾਂ ਦੀਆਂ ਆਉਣ ਫਿਲਮਾਂ ਵਿੱਚ 'ਸਫ਼ਰ' ਅਤੇ 'ਬਾਪ' ਜਿੰਨ੍ਹਾਂ ਦੀ ਸ਼ੂਟਿੰਗ ਸੰਪੂਰਨ ਹੋ ਚੁੱਕੀ ਹੈ, 'ਲਾਹੌਰ 1947', 'ਸੂਰਿਆ' (ਨਿਰਮਾਣ ਅਧੀਨ) ਤੋਂ ਇਲਾਵਾ 'ਬਾਰਡਰ 2' ਅਤੇ ਪੈਨ ਇੰਡੀਆ ਫਿਲਮਜ਼ 'ਐਸਡੀਜੀਐਮ' ਸ਼ਾਮਿਲ ਹਨ, ਜੋ ਜਲਦ ਸ਼ੂਟਿੰਗ ਪੜਾਅ ਦਾ ਹਿੱਸਾ ਬਣਨ ਜਾ ਰਹੀਆਂ ਹਨ।
ਸਾਲ 1983 ਵਿੱਚ ਰਿਲੀਜ਼ ਹੋਈ ਬਲਾਕ-ਬਾਸਟਰ ਫਿਲਮ 'ਬੇਤਾਬ' ਨਾਲ ਸਿਲਵਰ ਸਕ੍ਰੀਨ ਦਾ ਸ਼ਾਨਦਾਰ ਹਿੱਸਾ ਬਣੇ ਇਹ ਜੂਨੀਅਰ ਦਿਓਲ ਕਰੀਬ ਚਾਰ ਦਹਾਕਿਆ ਦਾ ਸਿਨੇਮਾ ਸਫ਼ਰ ਸਫਲਤਾਪੂਰਵਕ ਤੈਅ ਕਰ ਚੁੱਕੇ ਹਨ, ਜਿੰਨ੍ਹਾਂ ਦੀ ਐਕਸ਼ਨਮੈਨ ਇਮੇਜ ਨੂੰ ਸਥਾਪਿਤ ਕਰਨ ਵਿੱਚ ਸਾਲ 1985 ਵਿੱਚ ਆਈ ਅਤੇ ਸੁਪਰ ਡੁਪਰ ਹਿੱਟ ਰਹੀ 'ਅਰਜੁਨ' ਨੇ ਅਹਿਮ ਭੂਮਿਕਾ ਨਿਭਾਈ, ਜਿਸ ਤੋਂ ਬਾਅਦ ਆਈਆਂ ਉਨਾਂ ਦੀਆਂ ਇੱਕ ਤੋਂ ਵੱਧ ਇੱਕ ਐਕਸ਼ਨ ਫਿਲਮਾਂ ਨੇ ਵੀ ਉਨ੍ਹਾਂ ਦੀ ਇਸ ਇਮੇਜ ਨੂੰ ਹੋਰ ਪੁਖ਼ਤਗੀ ਦੇਣ ਵਿੱਚ ਅਹਿਮ ਯੋਗਦਾਨ ਪਾਇਆ ਹੈ, ਜਿੰਨ੍ਹਾਂ ਵਿੱਚ 'ਡਕੈਤ', 'ਯੋਧਾ', 'ਪਾਪ ਕੀ ਦੁਨੀਆ', 'ਯਤੀਮ', 'ਜਿੱਦੀ', 'ਵਿਸ਼ਵਆਤਮਾ', 'ਜੀਤ', 'ਕ੍ਰੋਧ', 'ਤ੍ਰਿਦੇਵ', 'ਬਾਰਡਰ', 'ਕਰਜ', 'ਘਾਇਲ', 'ਘਾਤਕ', 'ਹੀਰੋਜ', 'ਗਦਰ', 'ਗਦਰ 2' ਆਦਿ ਸ਼ੁਮਾਰ ਰਹੀਆਂ ਹਨ।
ਹਿੰਦੀ ਸਿਨੇਮਾ ਦੇ ਦਿੱਗਜ ਨਿਰਦੇਸ਼ਕ ਰਾਹੁਲ ਰਵੇਲ, ਜੇਪੀ ਦੱਤਾ ਤੋਂ ਲੈ ਕੇ ਮੌਜੂਦਾ ਦੌਰ ਦੇ ਕਈ ਨਵ ਨਿਰਦੇਸ਼ਕਾਂ ਨਾਲ ਫਿਲਮਾਂ ਕਰ ਰਹੇ ਸੰਨੀ ਬਤੌਰ ਨਿਰਦੇਸ਼ਕ ਵੀ ਕਈ ਫਿਲਮਾਂ ਅਪਣੇ ਚਾਹੁੰਣ ਵਾਲਿਆਂ ਦੀ ਝੋਲੀ ਪਾ ਚੁੱਕੇ ਹਨ, ਜਿੰਨ੍ਹਾਂ ਵਿੱਚ 'ਯੇ ਦਿਲਲਗੀ', 'ਘਾਇਲ ਵਨਸ ਅਗੇਨ' ਤੋਂ ਇਲਾਵਾ 'ਪਲ ਪਲ ਦਿਲ ਕੇ ਪਾਸ' ਸ਼ੁਮਾਰ ਰਹੀਆਂ ਹਨ।
ਹਾਲਾਂਕਿ ਇੱਕ ਪੱਖ ਇਹ ਵੀ ਹੈ ਕਿ ਉਨ੍ਹਾਂ ਵੱਲੋ ਨਿਰਦੇਸ਼ਿਤ ਤਿੰਨੋਂ ਹੀ ਫਿਲਮਾਂ ਆਸ ਅਨੁਸਾਰ ਕਾਮਯਾਬੀ ਹਾਸਿਲ ਕਰਨ ਵਿੱਚ ਅਸਫ਼ਲ ਰਹੀਆਂ ਹਨ, ਜਿਸ ਉਪਰੰਤ ਨਿਰਦੇਸ਼ਨ ਤੋਂ ਹੁਣ ਕਰੀਬ ਕਰੀਬ ਦੂਰੀ ਹੀ ਬਣਾ ਰਹੇ ਹਨ ਇਹ ਸ਼ਾਨਦਾਰ ਐਕਟਰ, ਜੋ ਇੰਨੀਂ ਦਿਨੀਂ ਕਾਫ਼ੀ ਸੋਚ ਵਿਚਾਰ ਬਾਅਦ ਹੀ ਫਿਲਮਾਂ ਸਵੀਕਾਰ ਕਰਨ ਨੂੰ ਵੀ ਤਰਜੀਹ ਦਿੰਦੇ ਨਜ਼ਰੀ ਆ ਰਹੇ ਹਨ।