ਚੰਡੀਗੜ੍ਹ: 'ਦਿ ਕਪਿਲ ਸ਼ਰਮਾ ਸ਼ੋਅ' ਵਿੱਚ ਅਪਣੀਆਂ ਬਹੁ-ਆਯਾਮੀ ਕਲਾਵਾਂ ਦਾ ਪ੍ਰਦਰਸ਼ਨ ਕਰਦੇ ਆ ਰਹੇ ਮਸ਼ਹੂਰ ਸਟੈਂਡ-ਅੱਪ ਕਾਮੇਡੀਅਨ ਕ੍ਰਿਸ਼ਨਾ ਅਭਿਸ਼ੇਕ, ਕੀਕੂ ਸ਼ਾਰਦਾ ਅਤੇ ਰਾਜੀਵ ਠਾਕੁਰ ਜਲਦ ਹੀ ਆਸਟ੍ਰੇਲੀਆਂ ਦਾ ਵਿਸ਼ੇਸ਼ ਦੌਰਾ ਕਰਨ ਜਾ ਰਹੇ ਹਨ, ਜੋ ਸਿਡਨੀ ਵਿਖੇ ਆਯੋਜਿਤ ਹੋਣ ਜਾ ਰਹੇ ਨੌਨ-ਸਟਾਪ ਕਾਮੇਡੀ ਸ਼ੋਅ 'ਕਾਮੇਡੀ ਮਸਾਲਾ ਲਾਈਵ' ਦੁਆਰਾ ਦਰਸ਼ਕਾਂ ਦੇ ਸਨਮੁੱਖ ਹੋਣਗੇ।
ਲਿਵਰਪੂਲ ਵਿਟਲਮ ਲੀਜ਼ਰ ਸੈਂਟਰ ਵਿਖੇ 04 ਅਕਤੂਬਰ 2024 ਸ਼ੁੱਕਰਵਾਰ ਨੂੰ ਸੰਪੰਨ ਹੋਣ ਜਾ ਰਹੇ ਉਕਤ ਸ਼ੋਅ ਦੀਆਂ ਤਿਆਰੀਆਂ ਕਾਫ਼ੀ ਵੱਡੇ ਪੱਧਰ ਉੱਪਰ ਅੰਜ਼ਾਮ ਦਿੱਤੀਆਂ ਜਾ ਰਹੀਆਂ ਹਨ, ਜਿਸ ਵਿੱਚ ਵੱਡੀ ਗਿਣਤੀ ਵਿੱਚ ਦਰਸ਼ਕ ਅਪਣੀ ਸ਼ਮੂਲੀਅਤ ਦਰਜ ਕਰਵਾਉਣਗੇ।
ਛੋਟੇ ਪਰਦੇ ਤੋਂ ਬਾਅਦ ਹੁਣ ਆਸਟ੍ਰੇਲੀਆਂ ਦੀ ਖੂਬਸੂਰਤ ਧਰਤੀ ਉਤੇ ਵੀ ਧੂੰਮਾਂ ਪਾਉਣ ਜਾ ਰਹੀ ਹੈ ਇਹ ਪ੍ਰਤਿਭਾਵਾਨ ਤਿੱਕੜੀ, ਜੋ ਇਕੱਠਿਆਂ ਪਹਿਲੀ ਵਾਰ ਇਸ ਖਿੱਤੇ ਵਿੱਚ ਪ੍ਰੋਫਾਰਮ ਕਰਨ ਜਾ ਰਹੇ ਹਨ, ਜਦਕਿ ਇਸ ਤੋਂ ਪਹਿਲਾਂ ਇਹ ਤਿੰਨੋਂ ਜਣੇ ਜ਼ਿਆਦਾਤਰ ਕਪਿਲ ਸ਼ਰਮਾ ਨਾਲ ਹੀ ਵਿਦੇਸ਼ੀ ਸ਼ੋਅਜ਼ ਅੰਜ਼ਾਮ ਦਿੰਦੇ ਨਜ਼ਰੀ ਆਏ ਹਨ, ਜਿੰਨ੍ਹਾਂ ਵਿੱਚ ਕੈਨੇਡਾ, ਇੰਗਲੈਂਡ ਆਦਿ ਦੇ ਲਾਈਵ ਕਾਮੇਡੀ ਪ੍ਰੋਗਰਾਮ ਵੀ ਸ਼ਾਮਿਲ ਰਹੇ ਹਨ।
ਓਧਰ ਜੇਕਰ ਵਰਕਫਰੰਟ ਦੀ ਗੱਲ ਕੀਤੀ ਜਾਵੇ ਤਾਂ ਨੈੱਟਫਲਿਕਸ ਤੋਂ ਕੁਝ ਬ੍ਰੇਕ ਵੱਲ ਵੱਧ ਚੁੱਕੇ 'ਦਿ ਕਪਿਲ ਸ਼ਰਮਾ ਸ਼ੋਅ' ਤੋਂ ਬਾਅਦ ਕ੍ਰਿਸ਼ਨਾ ਅਭਿਸ਼ੇਕ ਜਿੱਥੇ ਕਲਰਜ਼ ਦੇ ਹੀ ਇੱਕ ਹੋਰ ਰਿਐਲਟੀ ਸ਼ੋਅ ਲਾਫਟਰ ਸ਼ੈਫ ਵਿੱਚ ਇੰਨੀਂ ਦਿਨੀਂ ਨਜ਼ਰ ਆ ਰਹੇ ਹਨ, ਉੱਥੇ ਕੀਕੂ ਸ਼ਾਰਦਾ ਅਤੇ ਰਾਜੀਵ ਚੌਧਰੀ ਵੀ ਅਪਣੇ-ਅਪਣੇ ਸੋਲੋ ਪ੍ਰੋਜੈਕਟਸ ਨੂੰ ਅੰਜ਼ਾਮ ਦੇ ਰਹੇ ਹਨ, ਜਿੰਨ੍ਹਾਂ ਵਿੱਚੋਂ ਰਾਜੀਵ ਠਾਕੁਰ ਜਲਦ ਹੀ ਸਾਹਮਣੇ ਆਉਣ ਜਾ ਰਹੀ ਪੰਜਾਬੀ ਵੈੱਬ ਸੀਰੀਜ਼ ਜੁਆਇੰਟ ਪੇਨ ਫੈਮਲੀ ਵਿੱਚ ਵੀ ਲੀਡ ਭੂਮਿਕਾ ਨਿਭਾਉਂਦੇ ਵਿਖਾਈ ਦੇਣਗੇ, ਜਿੰਨ੍ਹਾਂ ਦੀ ਇਸ ਪਹਿਲੀ ਵੈੱਬ ਸੀਰੀਜ਼ ਦਾ ਨਿਰਦੇਸ਼ਨ ਸਤਿੰਦਰ ਸਿੰਘ ਦੇਵ ਵੱਲੋਂ ਕੀਤਾ ਗਿਆ ਹੈ।
ਟੈਲੀਵਿਜ਼ਨ ਤੋਂ ਬਾਅਦ ਸਟੇਜ ਸ਼ੋਅ ਦੀ ਦੁਨੀਆਂ ਵਿੱਚ ਵੀ ਨਵੇਂ ਆਯਾਮ ਕਾਇਮ ਕਰਨ ਜਾ ਰਹੀ ਉਕਤ ਤਿੱਕੜੀ ਅਗਲੇ ਦਿਨੀਂ ਕੁਝ ਹੋਰ ਮੁਲਕਾਂ ਵਿੱਚ ਵੀ ਅਪਣੀ ਨਯਾਬ ਕਾਮੇਡੀ ਕਲਾ ਦਾ ਲੋਹਾ ਮੰਨਵਾਉਣ ਜਾ ਰਹੀ ਹੈ, ਜੋ ਕਪਿਲ ਸ਼ਰਮਾ ਦੇ ਸ਼ੋਅਜ਼ ਵਿੱਚ ਵੀ ਸਮੇਂ ਦਰ ਸਮੇਂ ਅਪਣੀ ਉਪ-ਸਥਿਤੀ ਦਰਜ ਕਰਵਾਏਗੀ।